“ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਥੁੱਕ ਕੇ ਚੱਟਣਾ ਪਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ‘ਤੇ ਬਦਲਣਾ ਪਵੇਗਾ ਕਾਨੂੰਨ” – ਚੰਨੀ
ਸਿੱਖ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਲਈ ਮਾਨ ਸਰਕਾਰ ਨੇ ਐੱਸ.ਜੀ.ਪੀ.ਸੀ. ਦੀ ਸਹਿਮਤੀ ਤੋਂ ਬਿਨਾਂ ਬੇਅਦਬੀ ਕਾਨੂੰਨ ‘ਚ ਕੀਤੀ ਸੋਧ: ਸਾਬਕਾ ਮੁੱਖ ਮੰਤਰੀ
ਜਥੇਦਾਰ ਸਾਹਿਬ ਦੀ ਮੀਟਿੰਗ ਦਾ ਲਾਈਵ ਪ੍ਰਸਾਰਣ ਬੰਦ ਕਰਵਾਉਣਾ ਨਿੰਦਣਯੋਗ; ਸੱਚ ਤੋਂ ਭੱਜ ਰਹੀ ਹੈ ‘ਆਪ’ ਸਰਕਾਰ: ਚਰਨਜੀਤ ਸਿੰਘ ਚੰਨੀ
ਜਲੰਧਰ, 30 ਜੂਨ 2026: ਪੰਜਾਬ ਦੇ ਸਾਬਕਾ ਮੁੱੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵੱਲੋਂ ਲਏ ਗਏ ਫੈਸਲਿਆਂ ਅਤੇ ਪੰਜਾਬ ਸਰਕਾਰ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਭਰਵਾਂ ਸਵਾਗਤ ਕੀਤਾ ਹੈ। ਚੰਨੀ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਸਾਰੇ ਵਿਧਾਇਕਾਂ ਨੂੰ ਬੁਲਾ ਕੇ ਜੋ ਦਿਸ਼ਾ-ਨਿਰਦੇਸ਼ ਦਿੱਤੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ।
ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਸਰਦਾਰ ਚੰਨੀ ਨੇ ਕਿਹਾ ਕਿ ਇਸ ਫੈਸਲੇ ਨਾਲ ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਰ ਹੋਈ ਹੈ ਅਤੇ ਸਿੱਖ ਸੰਸਥਾਵਾਂ, ਗੁਰੂ ਘਰ ਤੇ ਖ਼ਾਲਸਾ ਪੰਥ ਦੀ ਸ਼ੋਭਾ ਵਧੀ ਹੈ। ਉਨ੍ਹਾਂ ਕਿਹਾ ਕਿ ਇੱਕ ਹੰਕਾਰੇ ਹੋਏ ਮੁੱਖ ਮੰਤਰੀ ਨੂੰ ਛੱਡ ਕੇ ਉਨ੍ਹਾਂ ਦੇ ਆਪਣੇ ਹੀ ਮੰਤਰੀ ਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਹਨ। ਜਿਹੜੇ ਕਾਨੂੰਨ ਨੂੰ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਬਦਲਾਂਗਾ ਨਹੀਂ, ਹੁਣ ਭਗਵੰਤ ਮਾਨ ਨੂੰ ਉਹ ਕਾਨੂੰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ‘ਤੇ ਬਦਲਣਾ ਪਵੇਗਾ ਤੇ ਮਾਨ ਨੂੰ ਥੁੱਕ ਕੇ ਚੱਟਣਾ ਪਵੇਗਾ।
ਚੰਨੀ ਨੇ ਅੱਗੇ ਕਿਹਾ ਕਿ ਅੰਗਰੇਜ਼ਾਂ ਅਤੇ ਜਵਾਹਰ ਲਾਲ ਨਹਿਰੂ ਨਾਲ ਸਿੱਖ ਕੌਮ ਦੀ ਜੋ ਸੰਧੀ ਹੋਈ ਸੀ, ਉਸ ਨੂੰ ਭਗਵੰਤ ਮਾਨ ਨੂੰ ਦੁਬਾਰਾ ਲਾਗੂ ਕਰਨਾ ਪੈਣਾ ਹੈ, ਜਿਸ ਤਹਿਤ ਸਿੱਖ ਪੰਥ ਪ੍ਰਤੀ ਕੋਈ ਵੀ ਕਾਨੂੰਨ ਬਣਾਉਣ ਵੇਲੇ ਐੱਸ.ਜੀ.ਪੀ.ਸੀ. ਦੀ ਸਹਿਮਤੀ ਲੈਣੀ ਲਾਜ਼ਮੀ ਹੁੰਦੀ ਹੈ। ਪਰ ਭਗਵੰਤ ਮਾਨ ਨੇ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਵਾਸਤੇ ਐੱਸ.ਜੀ.ਪੀ.ਸੀ. ਅਤੇ ਸਿੱਖ ਸੰਸਥਾਵਾਂ ਦੀ ਸਹਿਮਤੀ ਲਏ ਬਿਨ੍ਹਾਂ ਬੇਅਦਬੀ ਨਾਲ ਸਬੰਧਿਤ ਕਾਨੂੰਨ ਵਿੱਚ ਸ਼ੋਧ ਕੀਤੀ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇਸ ਕਾਨੂੰਨ ਤੋਂ ਅਣਜਾਣ ਹੋਣ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਐੱਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਹਿਮਤੀ ਨਾਲ ਹੀ ਕਾਨੂੰਨ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਹੁਣ ਭਗਵੰਤ ਮਾਨ ਵੱਲੋਂ ਐੱਸ.ਜੀ.ਪੀ.ਸੀ. ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਜੇਕਰ ਮੈਨੂੰ ਦੁਬਾਰਾ ਬੁਲਾਉਣਗੇ ਤਾਂ ਮੈਂ ਇਹਨਾਂ ਦੇ ਚਿੱਠੇ ਖੋਲ੍ਹ ਕੇ ਰੱਖ ਦੇਵਾਂਗਾ। ਮੁੱਖ ਮੰਤਰੀ ਵੱਲੋਂ ਅਜਿਹੀ ਮਾੜੀ ਸ਼ਬਦਾਵਲੀ ਵਰਤ ਕੇ ਸਿੱਖ ਕੌੰਮ ਨੂੰ ਵੰਗਾਰਿਆ ਜਾ ਰਿਹਾ ਹੈ ਅਤੇ ਸਿੱਖ ਕੌਮ ਨਾਲ ਸਿੱਧਾ ਮੱਥਾ ਲਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੱਲ੍ਹ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੇ ਵਿਧਾਇਕ ਜਥੇਦਾਰ ਸਾਹਿਬ ਨਾਲ ਬੈਠੇ ਸਨ ਅਤੇ ਇਸ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਸੀ, ਤਾਂ ਸਰਕਾਰ ਨੇ ਪ੍ਰੈਸ਼ਰ ਪਾ ਕੇ ਕਈ ਚੈਨਲਾਂ ਤੋਂ ਉਹ ਲਾਈਵ ਪ੍ਰਸਾਰਣ ਬੰਦ ਕਰਵਾ ਦਿੱਤਾ। ਉਨ੍ਹਾਂ ਨੇ ਇਸ ਨੂੰ ਬੇਹੱਦ ਘਿਣਾਉਣੀ ਹਰਕਤ ਕਰਾਰ ਦਿੱਤਾ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵਾਲ ਚੁੱਕਦਿਆਂ ਕਿਹਾ, “ਮੈਂ ਹੈਰਾਨ ਹਾਂ ਕਿ ਇਹ ਮੁੱਖ ਮੰਤਰੀ ਕਿਸ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ। ਇੱਕ ਪਾਸੇ ਇਹ ਕਹਿੰਦੇ ਹਨ ਕਿ ਸਭ ਕੁਝ ਪਾਰਦਰਸ਼ੀ ਹੋਣਾ ਚਾਹੀਦਾ ਹੈ, ਪਰ ਜਦੋਂ ਜਥੇਦਾਰ ਸਾਹਿਬ ਪਾਰਦਰਸ਼ੀ ਤਰੀਕੇ ਨਾਲ ਗੱਲ ਕਰ ਰਹੇ ਹਨ, ਤਾਂ ਸਰਕਾਰ ਸੱਚ ਦਾ ਸਾਹਮਣਾ ਕਰਨ ਤੋਂ ਕਿਉਂ ਭੱਜ ਰਹੀ ਹੈ?”
ਸਰਦਾਰ ਚੰਨੀ ਨੇ ਆਖਰ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸਰਕਾਰ ਦੇ ਕਈ ਹੱਥਕੰਡਿਆਂ ਅਤੇ ਵੀਡੀਓਜ਼ ਦੀ ਸੱਚਾਈ ਅਜੇ ਹੋਰ ਸਾਹਮਣੇ ਆਉਣੀ ਬਾਕੀ ਹੈ। ਜੋ ਲੋਕ ਖ਼ੁਦ ਨੂੰ ‘ਇਨਕਲਾਬੀ’ ਦੱਸਦੇ ਸਨ, ਉਹ ਅੱਜ ਪੰਜਾਬ ਦੇ ਸਭ ਤੋਂ ਵੱਡੇ ਗੱਦਾਰ ਸਾਬਤ ਹੋਏ ਹਨ।
ਵੱਲੋਂ:
ਦਫ਼ਤਰ, ਚਰਨਜੀਤ ਸਿੰਘ ਚੰਨੀ
ਸਾਬਕਾ ਮੁੱਖ ਮੰਤਰੀ, ਪੰਜਾਬ ਅਤੇ ਸੰਸਦ ਮੈਂਬਰ ਜਲੰਧਰ
