ਸਰਾਂ ਦੇ ਕਰਮਚਾਰੀ ਵੱਲੋਂ ਰਿਕਾਰਡ ਨਾਲ ਛੇੜਛਾੜ ਆਈ ਸਾਹਮਣੇ
ਜਾਂਚ ਤੋਂ ਪਹਿਲਾਂ ਚਲਾਇਆ ਸਿਆਸੀ ਟਰਾਇਲ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼- ਐਡਵੋਕੇਟ ਧਾਮੀ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿਚ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਰਿਕਾਰਡ, ਸਰਾਵਾਂ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਸਾਹਮਣੇ ਆਏ ਤੱਥ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਸਾਂਝੇ ਕੀਤੇ।
ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਥੇ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬ-ਕਮੇਟੀ ਬਣਾ ਕੇ ਵਿਭਾਗੀ ਜਾਂਚ ਕਰਵਾਈ ਗਈ ਹੈ। ਜਾਂਚ ਅਨੁਸਾਰ ਸੱਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਸ਼ੋਸ਼ਲ ਮੀਡੀਆ ’ਤੇ ਸਿਆਸੀ ਟਰਾਇਲ ਚਲਾਉਣਾ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਬ-ਕਮੇਟੀ ਨੇ ਸਰਾਵਾਂ ਦੇ ਰਿਕਾਰਡਾਂ ਦੀ ਘੋਖ ਕੀਤੀ, ਜਿਸ ਅਨੁਸਾਰ ਸਬੰਧਤ ਬੀਬੀ ਵੱਲੋਂ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਸਰਾਵਾਂ ਵਿਚ ਰਹਿਣ ਸਬੰਧੀ ਇੰਦਰਾਜ ਮੌਜੂਦ ਹਨ। ਰਿਕਾਰਡ ਅਨੁਸਾਰ ਵੱਖ-ਵੱਖ ਸਮੇਂ ਬੀਬੀ ਵੱਲੋਂ ਕਮਰਾ ਲੈਣ ਸਮੇਂ ਬਕਾਇਦਾ ਬਣਦੀ ਭੇਟਾ ਜਮ੍ਹਾਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਸ਼੍ਰੋਮਣੀ ਕਮੇਟੀ ਨੇ ਬੀਬੀ ਨੂੰ ਸਰਾਵਾਂ ਵਿਚ ਬਿਨਾਂ ਪੈਸੇ ਦੇ ਕਮਰਾ ਅਤੇ ਗੱਡੀ ਦੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਵੱਲੋਂ ਰਜਿਸਟਰ ਵਿਚ ਰੀਕਾਰਡ ਨਾਲ ਛੇੜਛਾੜ ਕਰਕੇ ਬਾਅਦ ਵਿਚ ਅਲਤ ਇੰਦਰਾਜ ਸ਼ਾਮਲ ਕੀਤੇ ਗਏ। ਸਬੰਧਤ ਰਜਿਸਟਰ ਵਿਚ ਅਜਿਹਾ ਦੋ ਵਾਰ ਕੀਤਾ ਗਿਆ। ਕਿਉਂਕਿ ਰਜਿਸਟਰ ਵਿਚ ਪਹਿਲਾਂ ਹੀ ਸੀਰੀਅਲ ਨੰ: ਅੱਗੇ ਚੱਲ ਰਹੇ ਸਨ, ਇਸ ਲਈ ਪਿਛਲੇ ਸਥਾਨ ’ਤੇ ਐਂਟਰੀ ਕਰਕੇ ਸੀਰੀਅਲ ਨੰਬਰਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਰਾਵਾਂ ਨਾਲ ਸਬੰਧਤ ਰਜਿਸਟਰਾਂ ਦਾ ਰਿਕਾਰਡ ਵੀ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਮੀਡੀਆ ਸਾਹਮਣੇ ਰਿਕਾਰਡ ਜਨਤਕ ਕਰਦਿਆਂ ਦਿਖਾਇਆ ਕਿ ਵੱਖ-ਵੱਖ ਸਮੇਂ ’ਤੇ ਸੱਤ ਵਾਰ ਬੀਬੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਟਾ ਦੇ ਕੇ ਕਮਰਾ ਲਿਆ ਅਤੇ ਇਸ ਦੌਰਾਨ ਉਸ ਨਾਲ ਕਈ ਮੈਂਬਰ ਸਰਾਂ ਵਿਚ ਠਹਿਰੇ ਸਨ। ਇਸੇ ਤਰ੍ਹਾਂ ਉਸ ਨੇ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੱਤ ਵਾਰ ਕਮਰਾ ਭੇਟਾ ਸਹਿਤ ਪ੍ਰਾਪਤ ਕੀਤਾ ਅਤੇ ਦੋ ਵਾਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਵੀ ਰਹੀ। ਇਹ ਆਮ ਤੌਰ ’ਤੇ ਸ਼ਰਧਾਲੂਆਂ ਦੀ ਤਰ੍ਹਾਂ ਕਮਰਾ ਪ੍ਰਾਪਤ ਕੀਤਾ ਗਿਆ, ਪ੍ਰੰਤੂ ਇਨ੍ਹਾਂ ਤੋਂ ਇਲਾਵਾ ਬਾਕੀ ਇੰਦਰਾਜ ਰਿਕਾਰਡ ਨਾਲ ਛੇੜਛਾੜ ਕਰਕੇ ਦਰਜ ਕੀਤੇ ਗਏ ਹਨ, ਇਸ ਵਿਚਲੀ ਲਿਖਾਈ ਵੀ ਚੱਲ ਰਹੀ ਤਰਤੀਬ ਨਾਲ ਮੇਲ ਨਹੀਂ ਖਾਂਦੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਇੰਦਰਾਜਾਂ ਦੀ ਲਿਖਾਈ ਬਾਰੇ ਜਾਂਚ ਰਿਪੋਰਟ ਵੀ ਲਈ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਬਹੁਤ ਸਾਜ਼ਿਸ਼ ਸੀ, ਜਿਸ ਦੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਬੀਬੀ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦੇ ਮਾਮਲੇ ਸਬੰਧੀ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਲੋੜਵੰਦਾਂ ਨੂੰ ਧਰਮ ਅਰਥ ਫੰਡ ਵਿੱਚੋਂ ਸਹਾਇਤਾ ਦਿੰਦੀ ਹੈ। ਬੀਬੀ ਵੱਲੋਂ ਆਪਣੀ ਬਿਮਾਰੀ ਦਾ ਹਵਾਲਾ ਦਿੰਦਿਆਂ ਇਲਾਜ਼ ਲਈ ਸਹਾਇਤਾ ਲਈ ਦਿੱਤੀ ਅਰਜ਼ੀ ਅਤੇ ਮੈਡੀਕਲ ਦਸਤਾਵੇਜ਼ਾਂ ਦੇ ਅਧਾਰ ’ਤੇ ਅੰਤ੍ਰਿੰਗ ਕਮੇਟੀ ਨੇ ਇਹ ਸਹਾਇਤਾ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਸੀ। ਲਗਾਏ ਗਏ ਮੈਡੀਕਲ ਦਸਤਾਵੇਜ਼ ਸਰਕਾਰੀ ਹਸਪਤਾਲ ਤੇ ਡਿਸਪੈਂਸਰੀ ਦੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਤੋਂ ਨਹੀਂ ਬਲਕਿ ਇਹ ਆਮ ਤੌਰ ’ਤੇ ਦਿੱਤੀ ਜਾਣ ਵਾਲੀ ਸਹਾਇਤਾ ਦੇ ਖਾਤੇ ਧਰਮ ਅਰਥ ਫੰਡ ਵਿੱਚੋਂ ਹਨ ਅਤੇ ਅਜਿਹੀਆਂ ਸਹਾਇਤਾ ਅਕਸਰ ਹੀ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਚੱਲ ਰਹੀ ਪੁਲਿਸ ਜਾਂਚ ਦੌਰਾਨ ਕਿਸ ਹੈਸੀਅਤ ਵਿਚ ਬੀਬੀ ਦੇ ਫੋਨ ਦਾ ਰਿਕਾਰਡ ਜਨਤਕ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਕੇਵਲ ਸਿੱਖ ਸੰਸਥਾ ਨੂੰ ਜਾਣਬੁਝ ਕੇ ਨਿਸ਼ਾਨੇ ’ਤੇ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਬਲਤੇਜ ਪੰਨੂ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਨਕਾਰਿਆ ਕਿ ਬੀਬੀ ਸ੍ਰੀ ਅਨੰਦਪੁਰ ਸਾਹਿਬ ਰਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਸੀ ਅਤੇ ਇਸ ਬਾਰੇ ਉਨ੍ਹਾਂ ਅਮਰਜੀਤ ਸਿੰਘ ਚਾਵਲਾ ਨੂੰ ਕਿਹਾ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਗ਼ਲਤ ਹੈ ਅਤੇ ਉਨ੍ਹਾਂ ਰੱਬ ਨੂੰ ਜਾਨ ਦੇਣੀ ਹੈ। ਸੋ ਇਲਜ਼ਾਮ ਲਗਾਉਣ ਵਾਲੇ ਕਿਰਦਾਰਕੁਸ਼ੀ ਕਰਨ ਤੋਂ ਬਾਜ਼ ਆਉਣ, ਕਿਉਂਕਿ ਉਨ੍ਹਾਂ ਵਰਗੀ ਭਾਸ਼ਾ ਬੋਲਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਮਾਮਲਾ ਹੈ, ਜਿਸ ਦਾ ਹਰ ਸੱਚ ਸੰਗਤਾਂ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਠੋਸ ਸਬੂਤ ਦੇ ਕਿਸੇ ਦੀ ਕਿਰਦਾਰਕੁਸ਼ੀ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥਕ ਸੰਸਥਾ ਹੈ, ਕਿਸੇ ਵਿਅਕਤੀ ਦੀਆਂ ਕਮੀਆਂ ਜਾਂ ਗ਼ਲਤੀਆਂ ਨੂੰ ਅਧਾਰ ਬਣਾ ਕੇ ਪੂਰੀ ਸੰਸਥਾ ਨੂੰ ਨਿਸ਼ਾਨਾ ਬਨਾਉਣਾ ਸਿੱਖ ਕੌਮ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਵੇ ਇਸੇ ਲਈ ਉਨ੍ਹਾਂ ਨੇ ਸੀਬੀਆਈ ਦੀ ਮੰਗ ਕੀਤੀ ਸੀ, ਜਿਸ ਲਈ ਉਹ ਮੁੜ ਦੁਹਰਾਅ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਸ. ਅਜਮੇਰ ਸਿੰਘ ਖੇੜਾ, ਸ. ਜਗਸੀਰ ਸਿੰਘ ਮਾਂਗੇਆਣਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਇੰਜੀ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਸ. ਪ੍ਰੀਤਪਾਲ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ. ਬਿਜੈ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸਤਨਾਮ ਸਿੰਘ ਰਿਆੜ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ ਤੇ ਹੋਰ ਮੌਜੂਦ ਸਨ।

ਪੜਤਾਲੀਆ ਕਮੇਟੀ ਦੀ ਸਿਫਾਰਸ਼ ’ਤੇ ਸਾਬਕਾ ਮੈਨੇਜਰ ਤੇ ਸਰਾਂ ਦਾ ਕਰਮਚਾਰੀ ਮੁਅੱਤਲ- ਸ. ਕਾਹਲਵਾਂ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗਠਤ ਕੀਤੀ ਪੜਤਾਲੀਆ ਕਮੇਟੀ ਦੀ ਸਿਫ਼ਾਰਸ਼ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ੁੰਮੇਵਾਰੀ ’ਚ ਕੁਤਾਹੀ ਕਰਨ ਦੇ ਦੋਸ਼ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਸ. ਮਲਕੀਤ ਸਿੰਘ ਅਤੇ ਰਜਿਸਟਰਾਂ ਵਿਚ ਛੇੜਛਾੜ ਕਰਕੇ ਗ਼ਲਤ ਇੰਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਸ. ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਾਂ ਵਿਚ ਹੈਲਪਰ ਵਜੋਂ ਡਿਊਟੀ ਨਿਭਾ ਰਹੇ ਭਾਈ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਗਈ ਹੈ। ਇਸ ਮਾਮਲੇ ਵਿਚ ਅੱਗੋਂ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਕੀਤਾ ਗਿਆ ਹੈ।

ਜਾਰੀ ਕਰਤਾ : ਜਗਤਾਰ ਸਿੰਘ ਖੋਦੇਬੇਟ
ਪਬਲੀਸਿਟੀ ਅਸਿਸਟੈਂਟ, ਸ਼੍ਰੋਮਣੀ ਕਮੇਟੀ,
ਸੰਪਰਕ : 81968-00236