ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਬਦਨਾਮੀ ਕਰਨ ਤੋਂ ਬਾਅਦ ਇਸਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਵਿਚ ਲਗਾਤਾਰ ਵਾਪਰ ਰਹੀਆਂ ਨਿਰਦਈ ਹਿੰਸਕ ਘਟਨਾਵਾਂ ’ਤੇ ਹੈਰਾਨੀ ਪ੍ਰਗਟ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜ਼ਿੰਮੇਵਾਰੀ ਤਿਆਗਣ ਦਾ ਸਿੱਧਾ ਨਤੀਜਾ ਹਨ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਛੱਡ ਦਿੱਤੀ ਜਿਸ ਕਾਰਨ ਗੈਂਗਸਟਰ ਤੇ ਨਸ਼ਾ ਤਸਕਰ ਆਪਣੀ ਮਨਮਰਜ਼ੀ ਮੁਤਾਬਕ ਕੰਮ ਕਰ ਰਹੇ ਹਨ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਡੇਰਾ ਬੱਸੀ ਅਤੇ ਘਨੌਰ ਵਿਖੇ ਮਾਵਾਂ ਧੀਆਂ ਇਨਸਾਫ ਯਾਤਰਾ ਦੇ ਹਿੱਸੇ ਵਜੋਂ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪੰਜਾਬ ਵੇਖ ਰਿਾ ਹੈ ਕਿ ਕਿਵੇਂ ਸੂਬੇ ਵਿਚ ਇਕ ਤੋਂ ਬਾਅਦ ਇਕ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਕ ਨੌਜਵਾਨ ਦੀ ਬਾਂਹ ਵੱਢ ਦਿੱਤੀ ਗਈ ਤੇ ੳਸਦੇ ਮਾਪਿਆਂ ਨੂੰ ਭੇਜ ਦਿੱਤੀਗਈ ਤੇ ਪਟਿਆਲਾ, ਮੋਗਾ ਤੇ ਜਗਰਾਓਂ ਵਿਚ ਨੌਜਵਾਨਾਂ ਦੇ ਕਤਲ ਹੋਏ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਬਦਨਾਮੀ ਕਰਨ ਤੋਂ ਬਾਅਦ ਹੁਣ ਨੌਜਵਾਨਾਂ ਵਾਸਤੇ ਕੀ ਸੁਨੇਹਾ ਲੈ ਕੇ ਆਉਣਾ ਚਾਹੁੰਦੇ ਹਨ। ਉਹਨਾਂ ਨੇ ਰਾਹੁਲ ਗਾਂਧੀ ਨੂੰ ਇਕ ਫੇਲ੍ਹ ਆਗੂ ਕਰਾਰ ਦਿੱਤਾ ਜਿਸਨੂੰ ਪੰਜਾਬ ਆ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੇ ਧੋਖਾ ਦੇਣ ਦੀ ਥਾਂ ਸਿਰਫ ਆਪਣੇ ’ਤੇ ਹੀ ਧਿਆਨ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ 1 ਨਵੰਬਰ ਦੀ ਰੈਲੀ ਦਾ ਪ੍ਰੋਗਰਾਮ ਜਾਰੀ ਰੱਖਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਦਿਨ ਸਿੱਖਾਂ ਨੂੰ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਹੋਏ ਕਤਲੇਆਮ ਨੂੰ ਚੇਤੇ ਕਰਵਾਉਂਦਾ ਹੈ।

ਮੁੱਖ ਮੰਤਰੀ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹੀ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਗਵੰਤ ਮਾਨ ਨੇ ਕਿਹਾ ਹੈ ਕਿ ਪੀੜਤ ਪਰਿਵਾਰਾਂ ਦੀਆਂ ਮੰਗਾਂ ਵਾਜਬ ਨਹੀਂ ਹਨ। ਉਹਨਾਂ ਕਿਹਾ ਕਿ ਪਰਿਵਾਰ ਜਿਸਨੇ ਨਸ਼ਾ ਮਾਫੀਆ ਕਾਰਨ ਆਪਣਾ ਇਕਲੌਤਾ ਪੁੱਤਰ ਗੁਆਇਆ, ਸਿਰਫ ਸ‌ਿਆਸਤਦਾਨ-ਪੁਲਿਸ-ਪ੍ਰਸ਼ਾਸਨ ਗੰਢਤੁੱਪ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਦਾ ਹੱਕ ਹੈ ਜਿਹਨਾਂ ਨੇ ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਨੂੰ ਹਥਿਆਰਾਂ ਦਾ ਲਾਇਸੰਸ ਦਿੱਤਾ ਅਤੇ ਉਸ ਡਰੱਗ ਇੰਸਪੈਕਟਰ ਦੇ ਖਿਲਾਫ ਵੀ ਜਿਸਦੀ ਨਿਗਰਾਨੀ ਹੇਠ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਨਸ਼ਾ ਵਿਕਦਾ ਰਿਹਾ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਨਸ਼ਾ ਮਾਫੀਆ ਦੇ ਖਿਲਾਫ ਕਾਰਵਾਈ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਸਾਨੂੰ ਇਸ ਬੁਰਾਈ ਤੋਂ ਆਪਣੇ ਸੂਬੇ ਦਾ ਆਪ ਬਚਾਅ ਕਰਨਾ ਪਵੇਗਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮਾਵਾਂ ਧੀਆਂ ਦੀ ਫੌਜ ਦੀ ਸਿਰਜਣਾ ਕੀਤੀ ਗਈ ਹੈ। ਉਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ 15-15 ਮਹਿਲਾਵਾਂ ਦੇ ਜੱਥੇ ਬਣਾ ਕੇ ਪਿੰਡਾਂ ਵਿਚ ਨਸ਼ਾ ਤਸਕਰੀ ਰੋਕਣ ਵਾਸਤੇ ਕੰਮ ਕਰਨ। ਉਹਨਾਂ ਇਹ ਵੀ ਅਪੀਲ ਕੀਤੀ ਕਿ ਮਹਿਲਾਵਾਂ ਨਸ਼ਾ ਵੇਚਣ ਵਾਲਿਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦਾ ਰਿਕਾਰਡ ਬਣਾਉਣ। ਉਹਨਾਂ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾ ਕੇ ਉਹਨਾਂ ਵੱਲੋਂ ਬਣਾਈਆਂ ਲਿਸਟਾਂ ਦੇ ਆਧਾਰ ’ਤੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਇਹ ਵੀ ਦੱਸਿਆਕਿ ਅਕਾਲੀ ਦਲ ਦੀ ਸਰਕਾਰ ਕਾਨੂੰਨ ਬਦਲ ਕੇ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣਾ ਅਤੇ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰਨਾ ਯਕੀਨੀ ਬਣਾਏਗੀ।

ਸਰਦਾਰਨੀ ਬਾਦਲ ਨੇ ਉਹਨਾਂ ਮਾਵਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਿਹਨਾਂ ਨੇ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆਏ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਮਨਜੀਤ ਕੌਰ ਜਿਸਨੇ ਨਸ਼ਿਆਂ ਕਾਰਨ ਪੰਜ ਪੁੱਤਰ ਗੁਆਏ ਤੇ ਪ੍ਰੀਤੋ ਜਿਸਨੇ ਚਾਰ ਪੁੱਤਰ ਗੁਆਏ, ਦਾ ਦੁੱਖ ਵੇਖਣਾ ਬਹੁਤ ਮੁਸ਼ਕਿਲ ਹੈ। ਉਹਨਾਂ ਨੇ ਪਰਵਿੰਦਰ ਝੋਟਾ ਦੇ ਮਾਤਾ ਤੇ ਪਤਨੀ ਦੀ ਸ਼ਲਾਘਾ ਕੀਤੀ ਜੋ ਨਸ਼ਾ ਵਿਰੋਧੀ ਕਾਰਕੁੰਨ ਵਾਸਤੇ ਨਿਆਂ ਹਾਸਲ ਕਰਨ ਵਾਸਤੇ ਆਪ ਸਰਕਾਰ ਦੀ ਤਾਕਤ ਮੂਹਰੇ ਡੱਟ ਕੇ ਖੜ੍ਹੇ ਹੋਏ ਹਨ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਇਹ ਗੱਲ ਵੀ ਕੀਤੀ ਕਿ ਕਿਵੇਂ ਨਸ਼ਿਆਂ ਕਾਰਨ ਨੌਜਵਾਨਾਂ ਦੀ ਸਾਰੀ ਪੀੜੀ ਮੌਤ ਦੇ ਮੂੰਹ ਵਿਚ ਪੈ ਰਹੀ ਹੈ।ਇਸ ਮੌਕੇ ਤੇ ਹੋਰਨਾਂ ਆਗੂਆਂ ਤੋਂ ਇਲਾਵਾ ਪਰਮਿੰਦਰ ਕੌਰ ਅਤੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਵੀ ਸੰਬੋਧਿਤ ਕੀਤਾ।