ਪੰਜਾਬ ਦੀ ਵਿਗੜਦੀ ਆਰਥਿਕ ਹਾਲਤ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਰਮਿਆਨ ਭਗਵੰਤ ਮਾਨ ਫਰਾਂਸ ਵਿੱਚ ਆਪਣੀ ‘ਜਨਮਦਿਨ ਯਾਤਰਾ’ ਦਾ ਆਨੰਦ ਮਾਣ ਰਹੇ ਸਨ: ਜੀਵਨ ਗਰਗ

ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗਰਗ ਨੇ ਬੁੱਧਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ 2,382 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਅਦਾ ਕਰਨ ਵਿੱਚ ਅਸਮਰੱਥ ਰਹਿਣਾ ਅਤੇ ਇਸ ਦੀ ਬਜਾਏ ਪੰਜਾਬ ਭਰ ਵਿੱਚ ਵੱਡੇ-ਵੱਡੇ ਹੋਰਡਿੰਗ ਲਗਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਇਮਾਨਦਾਰ ਮੁੱਖ ਮੰਤਰੀ’ ਵਜੋਂ ਪੇਸ਼ ਕਰਨ ’ਤੇ ਕਰੋੜਾਂ ਰੁਪਏ ਖ਼ਰਚ ਕਰਨਾ, ਸਰਕਾਰ ਦੀਆਂ ਵਿੱਤੀ ਤਰਜੀਹਾਂ ਨੂੰ ਸਪੱਸ਼ਟ ਕਰਦਾ ਹੈ।

ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਦੇ ਬਕਾਇਆ ਬਿੱਲਾਂ ਦਾ ਭੁਗਤਾਨ ਨਾ ਕੀਤੇ ਜਾਣ ’ਤੇ ‘ਆਪ’ ਸਰਕਾਰ ਨੂੰ ਘੇਰਦਿਆਂ ਜੀਵਨ ਗਰਗ ਨੇ ਕਿਹਾ, “ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਸਰਕਾਰ ਨੇ ਬਿਜਲੀ ਦੇ ਬਿੱਲਾਂ ਦੀ ਇੰਨੀ ਵੱਡੀ ਰਕਮ ਬਕਾਇਆ ਕਿਉਂ ਰਹਿਣ ਦਿੱਤੀ। ਰਿਪੋਰਟਾਂ ਅਨੁਸਾਰ, ਜੁਲਾਈ 2026 ਦੇ ਅੰਤ ਤੱਕ ਪੰਜਾਬ ਦੇ ਸਰਕਾਰੀ ਵਿਭਾਗਾਂ ਵੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ 2,382.40 ਕਰੋੜ ਰੁਪਏ ਬਕਾਇਆ ਸਨ। ਪਰ ਪੰਜਾਬ ਇੱਕ ਪਾਸੇ ਵਿੱਤੀ ਚੁਣੌਤੀਆਂ, ਨਸ਼ਿਆਂ ਦੀ ਗੰਭੀਰ ਸਮੱਸਿਆ ਅਤੇ ਵਿਗੜਦੀ ਕਾਨੂੰਨ-ਵਿਵਸਥਾ ਨਾਲ ਜੂਝ ਰਿਹਾ ਸੀ, ਜਦਕਿ ਦੂਜੇ ਪਾਸੇ ਭਗਵੰਤ ਮਾਨ ਫਰਾਂਸ ਵਿੱਚ ਆਪਣੀ ‘ਜਨਮਦਿਨ ਯਾਤਰਾ’ ਦਾ ਆਨੰਦ ਮਾਣ ਰਹੇ ਸਨ।”

ਜੀਵਨ ਗਰਗ ਨੇ ਅੱਗੇ ਕਿਹਾ, “ਸਰਕਾਰ ਨੂੰ ਫਰਾਂਸ ਦੌਰੇ ’ਤੇ ਹੋਏ ਖ਼ਰਚ ਦਾ ਵੇਰਵਾ ਜਨਤਕ ਕਰਨਾ ਚਾਹੀਦਾ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਦੌਰੇ ਨਾਲ ਪੰਜਾਬ ਨੂੰ ਕੀ ਠੋਸ ਲਾਭ ਹੋਏ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੇ ਆਪਣੇ ਵਿਭਾਗਾਂ ਦੇ ਬਿਜਲੀ ਬਿੱਲ ਸਮੇਂ ਸਿਰ ਕਿਉਂ ਨਹੀਂ ਭਰੇ ਗਏ ਅਤੇ ਬਕਾਇਆ ਰਕਮ ਦੀ ਅਦਾਇਗੀ ਲਈ ਕੀ ਕਦਮ ਚੁੱਕੇ ਜਾ ਰਹੇ ਹਨ।”
ਸੀਨੀਅਰ ਭਾਜਪਾ ਆਗੂ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ, ਬਿਹਤਰ ਜਨਤਕ ਸੇਵਾਵਾਂ ਅਤੇ ਵਿੱਤੀ ਜਵਾਬਦੇਹੀ ਦੀ ਲੋੜ ਹੈ, ਨਾ ਕਿ ਪ੍ਰਚਾਰ ਮੁਹਿੰਮਾਂ ਅਤੇ ਵਿਸ਼ਾਲ ਹੋਰਡਿੰਗਾਂ ਦੀ।