ਕੁਲਵੰਤ ਸਿੰਘ ਹੋਰਨਾਂ ਨੂੰ ਭੰਡਣ ਦੀ ਥਾਂ ਮੋਹਾਲੀ ਹਲਕੇ ਦਾ ਵਿਕਾਸ ਕਰਵਾਉਣਾ

ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਉਹਨਾਂ ਵਲੋਂ ਮੋਹਾਲੀ ਹਲਕੇ ਦੇ ਕਰਵਾਏ ਗਏ ਵਿਕਾਸ ਕਾਰਜਾਂ ਉਤੇ ਆਪਣਾ ਠੱਪਾ ਲਾਕੇ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਆਪਣੀ ਫੋਕੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ।

ਸ੍ਰੀ ਸਿੱਧੂ ਨੇ ਕਿਹਾ ਕਿ ਬੀਤੇ ਦਿਨ ਵਿਧਾਇਕ ਕੁਲਵੰਤ ਸਿੰਘ ਹਲਕੇ ਦੇ ਪਿੰਡ ਬਰਿਆਲੀ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡ ਦੇ 70 ਵਸਨੀਕਾਂ ਨੂੰ ਪੰਜ-ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਪਰ ਸਚਾਈ ਇਹ ਹੈ ਕਿ ਇਹਨਾਂ ਵਸਨੀਕਾਂ ਨੂੰ ਇਹ ਪੰਜ-ਪੰਜ ਮਰਲੇ ਦੇ ਪਲਾਟ ਕਾਂਗਰਸੀ ਸਰਕਾਰ ਸਮੇਂ ਹੀ ਦਿੱਤੇ ਜਾ ਚੁੱਕੇ ਸਨ। ਉਹਨਾਂ ਹੋਰ ਦਸਿਆ ਕਿ ਨਾ ਸਿਰਫ਼ ਬਰਿਆਲੀ ਬਲਕਿ ਕੁਰੜਾ, ਕੁਰੜੀ, ਰਾਇਪੁਰ ਦਾਊਂ ਅਤੇ ਸਨੇਟਾ ਪਿੰਡਾਂ ਦੇ ਵਸਨੀਕਾਂ ਨੂੰ ਵੀ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾ ਚੁੱਕੇ ਹਨ।

ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਆਪਣੀ ਸਰਕਾਰ ਦੇ ਡੇਢ ਸਾਲ ਦੇ ਅਰਸੇ ਦੌਰਾਨ ਹਲਕੇ ਵਿਚ ਇਕ ਧੇਲੇ ਦਾ ਵੀ ਵਿਕਾਸ ਨਹੀਂ ਕਰਵਾਇਆ ਅਤੇ ਇਸ ਲਈ ਹੀ ਉਹਨਾਂ ਨੂੰ ਪਹਿਲਾਂ ਹੋ ਚੁੱਕੇ ਜਾਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਉੱਤੇ ਆਪਣਾ ਠੱਪਾ ਲਾ ਕੇ ਆਪਣੇ ਆਪ ਨੂੰ ਤਸੱਲੀ ਦੇਣੀ ਪੈ ਰਹੀ ਹੈ। ਉਹਨਾਂ ਕੁਲਵੰਤ ਸਿੰਘ ਨੂੰ ਪੁੱਛਿਆ ਕਿ ਉਹ ਅਜਿਹਾ ਕਰ ਕੇ ਕਿਸ ਨੂੰ ਪ੍ਰਭਾਵਤ ਕਰ ਰਹੇ ਹਨ ਕਿਉਂਕਿ ਜਿਹੜੇ ਲੋਕਾਂ ਦੇ ਸਾਹਮਣੇ ਪੰਜ-ਪੰਜ ਮਰਲੇ ਦੇ ਪਲਾਟ ਦੇਣ ਬਾਰੇ ਦਾਅਵੇ ਕਰ ਰਿਹਾ ਹੈ ਉਹਨਾਂ ਨੂੰ ਤਾਂ ਸਾਰੀ ਸਚਾਈ ਪਤਾ ਹੀ ਹੈ।

ਸ੍ਰੀ ਸਿੱਧੂ ਨੇ ਕਿਹਾ ਕਿ ਵਿਧਾਇਕ ਤੇ ਮੰਤਰੀ ਹੁੰਦਿਆਂ ਮੋਹਾਲੀ ਨੇ ਸਿਹਤ, ਸਿੱਖਿਆ, ਮੈਡੀਕਲ ਅਤੇ ਬੁਨਿਆਦੀ ਢਾਂਚੇ ਵਿਚ ਬਹੁਤ ਤਰੱਕੀ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਮੋਹਾਲੀ ਨੂੰ ਆਮ ਸ਼ਹਿਰ ਤੋਂ ਇਕ ਮੈਟਰੋਪੋਲਟਿਨ ਸ਼ਹਿਰ ਦੇ ਬਰਾਬਰ ਲਿਆ ਕੇ ਖੜਾ ਕਰਨ ਵਿਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਕੁਲਵੰਤ ਸਿੰਘ ਨੂੰ ਹੋਰਨਾਂ ਉਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾ ਸੋਟਾ ਜ਼ਰੂਰ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਨੂੰ ਇਹ ਚੰਗੀ ਤਰਾਂ ਪਤਾ ਹੈ ਕਿ ਕਿਸ ਵਿਅਕਤੀ ਨੇ ਸ਼ਹਿਰ ਦੇ ਵਿਕਾਸ ਵਿਚ ਕੀ ਹਿੱਸਾ ਪਾਇਆ ਹੈ ਅਤੇ ਕਿਸ ਵਿਅਕਤੀ ਨੇ ਸ਼ਹਿਰ ਦੇ ਵਿਕਾਸ ਦੀ ਕੀਮਤ ਉਤੇ ਆਪਣਾ ਵਿਕਾਸ ਕੀਤਾ ਹੈ। ਸ੍ਰੀ ਸਿੱਧੂ ਨੇ ਕੁਲਵੰਤ ਸਿੰਘ ਨੂੰ ਸਲਾਹ ਦਿਤੀ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਭੰਡਣ ਉਤੇ ਜ਼ੋਰ ਲਾਉਣ ਦੀ ਥਾਂ ਉਹ ਇਹੀ ਸਮਾਂ ਤੇ ਸ਼ਕਤੀ ਹਲਕੇ ਵਿਕਾਸ ਲਈ ਲਾਇਆ ਕਰਨ।

×