ਤਲਵੰਡੀ ਸਾਬੋ, 10 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਦੇ ਬਠਿੰਡਾ ਤੋਂ ਐਮ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਆਵਾਜ਼ ਬੁਲੰਦ ਕੀਤੀ ਤੇ ਉਹ ਹੀ ਤੁਹਾਡੀਆਂ ਵੋਟਾਂ ਦੀ ਹੱਕਦਾਰ ਹੈ ਤਾਂ ਜੋ ਉਹ ਲੋਕ ਸਭਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਮੁੱਦੇ ਚੁੱਕਦੀ ਰਹੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਇਥੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਤਹਿਤ ਅਨੇਕਾਂ ਪ੍ਰੋਗਰਾਮ ਕੀਤੇ ਜਿਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿਚ ਕਾਰਗੁਜ਼ਾਰੀ ਦੀ ਤੁਲਨਾ ਰਵਨੀਤ ਬਿੱਟੂ ਤੇ ਹੋਰ ਸੰਸਦ ਮੈਂਬਰਾਂ ਨਾਲ ਕਰੋ ਜਿਹਨਾਂ ਸੱਤਾਧਾਰੀ ਪਾਰਟੀ ਨਾਲ ਸਮਝੌਤੇ ਕੀਤੇ ਅਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਡੱਟਣ ਤੋਂ ਨਾਂਹ ਕਰ ਦਿੱਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਐਮ ਪੀ ਨੇ ਨਾ ਸਿਰਫ ਕਿਸਾਨਾਂ ਦੀ ਗੱਲ ਕੀਤੀ ਬਲਕਿ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਉਸਨੇ ਐਮ ਐਸ ਪੀ ਨੂੰ ਇਕ ਨਿਸ਼ਚਿਤ ਸਮੇਂ ਦੇ ਅੰਦਰ ਕਾਨੂੰਨੀ ਗਰੰਟੀ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਜ਼ੋਰਦਾਰ ਅਪੀਲ ਕਰਦਿਆਂ ਦੱਸਿਆ ਸੀ ਕਿ ਕਿਵੇਂ ਦਹਾਕਿਆਂ ਤੋਂ ਉਮਰ ਕੈਦਾਂ ਪੂਰੀਆਂ ਕਰਨ ਦੇ ਬਾਵਜੂਦ ਉਹ ਜੇਲ੍ਹਾਂ ਵਿਚ ਬੰਦ ਹਨ। ਉਹਨਾਂ ਕਿਹਾ ਕਿ ਜਦੋਂ ਸਰਕਾਰ ਨੇ ਇਹਨਾਂ ਅਪੀਲਾਂ ਨੂੰ ਨਾ ਸੁਣਿਆ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਵੀ ਨਾ ਸੁਣੀ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰਨ ਦੀ ਵੀ ਨਾ ਸੁਣੀ ਤਾਂ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਉਹ ਸੰਸਦੀ ਚੋਣਾਂ ਇਕੱਲਿਆਂ ਲੜੇਗਾ। ਉਹਨਾਂ ਕਿਹਾ ਕਿ ਅਸੀਂ ਆਪਣੇ ਸਿਧਾਂਤਾਂ ’ਤੇ ਪਹਿਰਾ ਦੇ ਰਹੇ ਹਾਂ ਤੇ ਭਾਵੇਂ ਕੁਝ ਵੀ ਹੋ ਜਾਵੇ ਅਸੀਂ ਆਪਣੀ ਮੂਲ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਉਹਨਾਂ ਜ਼ੋਰ ਦੇ ਕੇ ਪੰਜਾਬੀਆਂ ਨੂੰਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਲੋਕਾਂ ਦਾ ਫਤਵਾ ਮਿਲਣ ਮਗਰੋਂ ਅਕਾਲੀ ਦਲ ਕਦੇ ਵੀ ਕਿਸੇ ਨੂੰ ਪੰਜਾਬ ਨਾਲ ਵਿਤਕਰਾ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਹੁੰਦਾ ਤਾਂ ਹਰਿਆਣਾ ਸਰਕਾਰ ਦੀ ਜੁਰੱਅਤ ਨਾ ਪੈਂਦੀ ਕਿ ਉਹ ਪੰਜਾਬ ਦੇ ਕਿਸਾਨਾਂ ’ਤੇ ਪੰਜਾਬ ਦੀ ਧਰਤੀ ’ਤੇ ਹੰਝੂ ਗੈਸ ਦੇ ਗੋਲੇ ਛੱਡਦੀ ਜਾਂ ਰੱਬੜ ਦੀਆਂ ਗੋਲੀਆਂ ਚਲਾਉਂਦੀ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਅਕਾਲੀ ਦਲ ਦਾ ਸੱਤਾ ਵਿਚ ਪਰਤਣਾ ਬਹੁਤ ਜ਼ਰੂਰੀ ਹੈ। ਭ੍ਰਿਸ਼ਟ ਤੇ ਅਸੰਵੇਦਨਸ਼ੀਲ ਆਪ ਸਰਕਾਰ ਨੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਇਕ ਵਾਰ ਅਕਾਲੀ ਦਲ ਸੱਤਾ ਵਿਚ ਪਰਤ ਆਇਆ ਤਾਂ ਅਸੀਂ ਆਟਾ ਦਾਲ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਸਾਰੇ ਲਾਭਪਾਤਰੀਆਂ ਲਈ ਮੁੜ ਸ਼ੁਰੂ ਕਰਾਂਗੇ। ਅਸੀਂ ਲੜਕੀਆਂ ਨੂੰ ਸਾਇਕਲਾਂ ਦੇਣ ਦੀ ਸਕੀਮ ਵੀ ਮੁੜ ਸ਼ੁਰੂ ਕਰਾਂਗੇ ਅਤੇ ਪੁਰਾਣੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਨੂੰ ਲਾਗੂ ਕਰਾਂਗੇ ਅਤੇ ਨੌਜਵਾਨਾਂ ਲਈ ਜ਼ਿੰਮ ਲਗਾਉਣੇ ਤੇ ਖੇਡ ਕਿੱਟਾਂ ਦੇਣੀਆਂ ਸ਼ੁਰੂ ਕਰਾਂਗੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਪਸ਼ੂ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਵਿਸ਼ਵ ਕਬੱਡੀ ਕੱਪ ਵੀ ਮੁੜ ਸ਼ੁਰੂ ਕੀਤਾ ਜਾਵੇਗਾ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਰੋਡ ਸ਼ੋਅ ਵਿਚ ਸ਼ਰਾਬ ਪੀ ਕੇ ਤਮਾਸ਼ੇ ਕਰਨ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਅਕਸ ਨੂੰ ਢਾਹ ਲਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਵਾਹਨ ’ਤੇ ਬੈਠੇ ਸਨ ਤੇ ਉਹਨਾਂ ਨੇ ਝੂਠਾ ਪਾਣੀ ਤੱਕ ਆਪਣੀ ਦਸਤਾਰ ’ਤੇ ਪਾ ਲਿਆ ਜੋ ਇਕ ਮੁੱਖਮੰਤਰੀ ਨੂੰ ਸੋਭਾ ਨਹੀਂ ਦਿੰਦਾ।
ਅਕਾਲੀ ਦਲ ਦੇ ਪ੍ਰਧਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੋਂ ਚੌਕੰਨੇ ਰਹਿਣ ਜਿਸਨੇ 2017-22 ਦੇ ਰਾਜਕਾਲ ਦੌਰਾਨ ਉਹਨਾਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਚਰਨਜੀਤ ਸਿੰਘ ਚੰਨੀ ਨੇ ਆਪ ਵਿਧਾਨ ਸਭਾ ਵਿਚ ਮੰਨਿਆ ਸੀ ਕਿ ਉਹਨਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੜਕਾਂ ’ਤੇ ਪੈਚ ਲਾਉਣਾ ਹੈ। ਉਹਨਾਂ ਕਿਹਾ ਕਿ ਤੁਸੀਂ ਇਸ ਪਾਰਟੀ ਤੋਂ ਕੀ ਆਸ ਰੱਖਦੇ ਹੋ ਜਿਸਨੇ ਪੰਜਾਬੀਆਂ ਨੂੰ ਹਰ ਮੁਕਾਮ ’ਤੇ ਫੇਲ੍ਹ ਕੀਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਅਤੇ ਰਵੀ ਪ੍ਰੀਤ ਸਿੰਘ ਸਿੱਧੂ ਸਮੇਤ ਹੋਰ ਵੱਖ-ਵੱਖ ਸੀਨੀਅਰ ਆਗੂ ਹਾਜ਼ਰ ਸਨ।