ਕਿਹਾ, ਰਿਪੋਰਟ ਅਨੁਸਾਰ ਮਾਰਚ 23 ਵਿਚ ਐਸਡੀਆਰਐਫ ਦੇ ਪਏ ਸੀ 9041 ਕਰੋੜ ਤੇ ਮਾਰਚ 24 ਵਿਚ ਪਏ ਸੀ 10380 ਕਰੋੜ
-ਮੁੱਖ ਮੰਤਰੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਗਲਤੀ ਲਈ ਮੰਗਣ ਮਾਫੀ
ਚੰਡੀਗੜ੍ਹ, 13 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਐਸਡੀਆਰਐਫ ਦੇ ਫੰਡਾਂ ਦੇ ਮਾਮਲੇ ਵਿਚ ਘੇਰਦਿਆਂ ਕੈਗ ਦੀ ਰਿਪੋਰਟ ਜਨਤਕ ਕੀਤੀ ਹੈ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਕੋਲ ਪਏ ਐਸਡੀਆਰਐਫ ਦੇ 12 ਹਜਾਰ ਕਰੋੜ ਰੁਪਏ ਸਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਸੀ।
ਇਸ ਸਬੰਧੀ ਸੁਨੀਲ ਜਾਖੜ ਨੇ ਆਪਣੇ ਇਕ ਸੋਸ਼ਲ ਮੀਡੀਆ ਸੁਨੇਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ”ਇਹ ਕੈਗ ਦੀ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਤਾ ਨਾਲ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ ਐਸਡੀ ਆਰ ਐਫ ਦੇ 9041.74 ਕਰੋੜ ਰੁਪਏ ਪਏ ਸਨ ਅਤੇ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ”।
ਉਨ੍ਹਾਂ ਨੇ ਆਪਣੇ ਟਵੀਟ ਵਿਚ ਅੱਗੇ ਲਿਖਿਆ ਕਿ ”ਇਸ ਤੋਂ ਬਾਅਦ ਵੀ ਸਾਲ 23 -24, 24-25 ਅਤੇ 25 -26 ਦੇ ਫੰਡ ਆਏ ਹਨ ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜਾਰ ਕਰੋੜ ਬਣਦੀ ਹੈ। ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜੁਬਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲਵੋ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ”।
ਇਸ ਬਾਬਤ ਸੁਨੀਲ ਜਾਖੜ ਨੇ ਬਾਅਦ ਵਿਚ ਮੀਡੀਆ ਨੂੰ ਜਾਰੀ ਬਿਆਨ ਵਿਚ ਹੋਰ ਦੱਸਿਆ ਕਿ ਅਗਲੀ ਰਿਪੋਰਟ ਅਨੁਸਾਰ 31 ਮਾਰਚ 2024 ਨੂੰ ਸੂਬਾ ਸਰਕਾਰ ਕੋਲ ਐਸਡੀਆਰਐਫ ਦਾ ਕੁੱਲ 10380.41 ਕਰੋੜ ਰੁਪਏ ਜਮਾ ਹੋ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਤੱਥ ਸਾਫ ਕਰਦੇ ਹਨ ਕਿ ਮੁੱਖ ਮੰਤਰੀ ਪੰਜਾਬ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਅਤੇ ਸਰਕਾਰੀ ਪੈਸੇ ਦੀ ਹੋਈ ਦੁਰਵਰਤੋਂ ਤੇ ਪੜਦਾ ਪਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਇਹ ਨਹੀਂ ਕਹਿ ਸਕਦੇ ਕਿ ਪੈਸਾ ਕਿੱਥੇ ਹੈ ਮੈਨੂੰ ਨਹੀਂ ਪਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਤੋਂ ਬੋਲੇ ਗਏ ਝੂਠ ਲਈ ਮਾਫੀ ਮੰਗਣੀ ਚਾਹੀਦੀ ਹੈ ਅਤੇ ਐਸਡੀਆਰਐਫ ਦੇ ਪਏ ਇਸ 12 ਹਜਾਰ ਕਰੋੜ ਰੁਪਏ ਦੀ ਵਰਤੋਂ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਵਿਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣਿਆ ਸੀ ਨਾ ਕਿ ਕੇਜਰੀਵਾਲ ਨੂੰ, ਇਸ ਲਈ ਮੁੱਖ ਮੰਤਰੀ ਸਰਕਾਰ ਦੀ ਲਗਾਮ ਆਪਣੇ ਹੱਥ ਲੈਣ ਅਤੇ ਆਪਣੀ ਜਿੰਮੇਵਾਰੀ ਨਿਭਾਉਣ, ਨਹੀਂ ਤਾਂ ਪੰਜਾਬ ਸਰਕਾਰ ਕੇਜਰੀਵਾਲ ਨੂੰ ਠੇਕੇ ਤੇ ਦੇਣ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰਣਗੇ।