ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਗ੍ਰਹਿ ਸਕੱਤਰ-ਅਤੇ-ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਚੰਡੀਗੜ੍ਹ ਦੇ ਬਾਇਓਕੈਮਿਸਟਰੀ ਵਿਭਾਗ ਵਿਖੇ ਇੱਕ ਅਤਿ-ਆਧੁਨਿਕ ਤਰਲ ਕ੍ਰੋਮੈਟੋਗ੍ਰਾਫੀ-ਟੈਂਡਮ ਮਾਸ ਸਪੈਕਟ੍ਰੋਮੈਟਰੀ (LC-MS/MS) ਉਪਕਰਣ ਦਾ ਉਦਘਾਟਨ ਕੀਤਾ ਗਿਆ।
ਇਹ ਸਮਾਰੋਹ ਜੀਐੱਮਸੀਐੱਚ ਦੇ ਡਾਇਰੈਕਟਰ ਪ੍ਰਿੰਸੀਪਲ, ਪ੍ਰੋ. ਜੀ.ਪੀ. ਥਾਮੀ ਅਤੇ ਸੰਸਥਾਨ ਦੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਈ ਬਲਾਕ ਦੇ ਬਾਇਓਕੈਮਿਸਟਰੀ ਵਿਭਾਗ ਵਿੱਚ ਆਯੋਜਿਤ ਕੀਤਾ ਗਿਆ।
ਨਵੇਂ ਸਥਾਪਿਤ LC-MS/MS ਪਲੈਟਫਾਰਮ ਦੇ ਨਾਲ GMCH ਹੁਣ ਭਾਰਤ ਦੇ ਕੁਝ ਚੋਣਵੇਂ ਉਨ੍ਹਾਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸ਼ਾਮਲ ਹੋ ਗਿਆ ਹੈ – ਅਤੇ ਉੱਤਰ ਭਾਰਤ ਦੇ ਕੁਝ ਹੀ ਕੇਂਦਰਾਂ ਵਿੱਚੋਂ ਇੱਕ ਹੈ- ਜਿੱਥੇ ਇਹ ਉੱਨਤ ਡਾਇਗਨੌਸਟਿਕ ਟੈਕਨੋਲੋਜੀ ਉਪਲਬਧ ਹੈ। ਇਹ ਉਪਕਰਣ ਬਾਇਓਕੈਮਿਸਟਰੀ ਵਿਭਾਗ ਦੀਆਂ ਡਾਇਗਨੌਸਟਿਕ ਸਮਰੱਥਾਵਾਂ ਨੂੰ ਮਹੱਤਵਪੂਰਨ ਤੌਰ ‘ਤੇ ਵਧਾਏਗਾ।
ਵਿਭਾਗ ਨੇ ਨਵਜੰਮੇ ਬੱਚਿਆਂ ਦੀ ਵਿਸਤ੍ਰਿਤ ਮੈਟਾਬੋਲਿਕ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਇੱਕ ਸੁੱਕੇ ਖੂਨ ਦੀ ਬੂੰਦ ਤੋਂ 40 ਤੋਂ ਵੱਧ ਵਿਰਾਸਤੀ ਮੈਟਾਬੋਲਿਕ ਵਿਕਾਰਾਂ ਦਾ ਛੇਤੀ ਪਤਾ ਲਗਾਇਆ ਜਾ ਸਕਦਾ ਹੈ – ਜੋ ਕਿ ਉੱਚ-ਜੋਖਮ ਵਾਲੇ ਬੱਚਿਆਂ ਵਿੱਚ ਸਮੇਂ ‘ਤੇ ਇਲਾਜ ਲਈ ਅਤਿਅੰਤ ਮਹੱਤਵਪੂਰਨ ਹੈ।
ਇਸ ਟੈਕਨੋਲੋਜੀ ਦੇ ਨਾਲ, ਬਾਇਓਕੈਮਿਸਟਰੀ ਵਿਭਾਗ ਨੇ ਐਂਟੀ-ਐਪੀਲੇਪਟਿਕ ਦਵਾਈਆਂ ਦੀ ਥੈਰੇਪਿਊਟਿਕ ਡ੍ਰੱਗ ਨਿਗਰਾਨੀ ਵੀ ਸ਼ੁਰੂ ਦਿੱਤੀ ਹੈ, ਜਿਸ ਨਾਲ ਵਿਭਿੰਨ ਕਲੀਨਿਕਲ ਵਿਭਾਗਾਂ ਵਿੱਚ ਮਰੀਜ਼ਾਂ ਦੇ ਲਈ ਉੱਚ-ਸ਼ੁੱਧਤਾ ਦੇ ਨਤੀਜੇ ਪ੍ਰਾਪਤ ਹੋਣਗੇ।
ਇਹ ਸਥਾਪਨਾ ਖੇਤਰ ਨੂੰ ਅਤਿ-ਆਧੁਨਿਕ, ਸਬੂਤ-ਅਧਾਰਿਤ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨ ਲਈ ਜੀਐੱਮਸੀਐੱਚ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।