ਚੰਡੀਗੜ੍ਹ, 23 ਮਈ, 2026:
ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਦੇ ਉਦੇਸ਼ ਨਾਲ ਮਾਪਿਆਂ ਅਤੇ ਅਧਿਆਪਕਾਂ ਦੇ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਕਰਨ ਹਿਤ ਸਰਕਾਰੀ ਸਕੂਲਾਂ ਵਿੱਚ ਪੇਰੈਂਟ-ਟੀਚਰ ਮੀਟਿੰਗਾਂ (ਪੀਟੀਐੱਮਸ/PTMs) ਸਫ਼ਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਮਾਪਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਆਪਣੇ ਬੱਚਿਆਂ ਦੀ ਅਕਾਦਮਿਕ ਪ੍ਰਗਤੀ, ਵਿਵਹਾਰ ਅਤੇ ਸੰਪੂਰਨ ਵਿਕਾਸ ਨਾਲ ਸਬੰਧਿਤ ਵਿਸ਼ਿਆਂ ‘ਤੇ ਸਾਰਥਕ ਸੰਵਾਦ ਕੀਤਾ।
ਮੀਟਿੰਗਾਂ ਦੇ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਫਾਰਮੇਟਿਵ ਅਸੈੱਸਮੈਂਟਸ (ਐੱਫਏਜ਼/FAs) ਵਿੱਚ ਪ੍ਰਦਰਸ਼ਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਸੁਧਾਰ ਦੀ ਜ਼ਰੂਰਤ ਵਾਲੇ ਖੇਤਰਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਮਾਪਿਆਂ ਨੂੰ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਬਿਹਤਰ ਅਕਾਦਮਿਕ ਪਰਿਣਾਮਾਂ ਲਈ ਘਰੇ ਨਿਰੰਤਰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਛੁੱਟੀਆਂ ਦੇ ਹੋਮਵਰਕ ‘ਤੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਮਾਪਿਆਂ ਨੂੰ ਦੱਸਿਆ ਗਿਆ ਕਿ ਇਸ ਦਾ ਉਦੇਸ਼ ਕਲਾਸ ਵਿੱਚ ਪ੍ਰਾਪਤ ਗਿਆਨ ਨੂੰ ਮਜ਼ਬੂਤ ਕਰਨਾ, ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਛੁੱਟੀਆਂ ਦੇ ਦੌਰਾਨ ਵਿਦਿਆਰਥੀਆਂ ਦੀ ਸਕਾਰਾਤਮਕ ਅਤੇ ਰਚਨਾਤਮਕ ਸਹਿਭਾਗਿਤਾ ਸੁਨਿਸ਼ਚਿਤ ਕਰਨਾ ਹੈ।
ਅਧਿਆਪਕਾਂ ਨੇ ਅਕਾਦਮਿਕ ਸੈਸ਼ਨ ਦੀ ਵਿਸਤ੍ਰਿਤ ਕਾਰਜਯੋਜਨਾ ਵੀ ਮਾਪਿਆਂ ਨਾਲ ਸਾਂਝੀ ਕੀਤੀ, ਜਿਸ ਵਿੱਚ ਪ੍ਰਮੁੱਖ ਅਕਾਦਮਿਕ ਲਕਸ਼, ਸਹਿ-ਪਾਠਕ੍ਰਮ ਗਤੀਵਿਧੀਆਂ, ਅਸੈੱਸਮੈਂਟ ਸ਼ਡਿਊਲਸ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਹਿਤ ਪ੍ਰਸਤਾਵਿਤ ਵਿਭਿੰਨ ਪਹਿਲਾਂ ਸ਼ਾਮਲ ਸਨ। ਚਰਚਾ ਦੇ ਦੌਰਾਨ
ਮਾਪਿਆਂ ਅਤੇ ਸਕੂਲਾਂ ਦੇ ਦਰਮਿਆਨ ਮਜ਼ਬੂਤ ਅਤੇ ਨਿਰੰਤਰ ਸਾਂਝੇਦਾਰੀ ਦੇ ਮਹੱਤਵ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।
ਮੀਟਿੰਗ ਦੇ ਦੌਰਾਨ ਹਾਜ਼ਰ ਮਾਪਿਆਂ ਨੂੰ ਮਿਡ-ਡੇ ਮੀਲ (ਐੱਮਡੀਐੱਮ/MDM) ਵੀ ਪਰੋਸਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਉਪਲਬਧ ਕਰਵਾਏ ਜਾ ਰਹੇ ਭੋਜਨ ਦੀ ਗੁਣਵੱਤਾ, ਸਵੱਛਤਾ ਅਤੇ ਪੋਸ਼ਣ ਮਿਆਰਾਂ ਦਾ ਪ੍ਰਤੱਖ ਅਨੁਭਵ ਪ੍ਰਾਪਤ ਹੋਇਆ।
ਪੇਰੈਂਟ-ਟੀਚਰ ਮੀਟਿੰਗਾਂ (ਪੀਟੀਐੱਮਸ/PTMs) ਸਕਾਰਾਤਮਕ ਅਤੇ ਉਤਸ਼ਾਹਪੂਰਨ ਵਾਤਾਵਰਣ ਵਿੱਚ ਸੰਪੰਨ ਹੋਈਆਂ, ਜਿਨ੍ਹਾਂ ਵਿੱਚ ਮਾਪਿਆਂ ਨੇ ਸਕੂਲਾਂ ਦੁਆਰਾ ਪਾਰਦਰਸ਼ਤਾ, ਅਕਾਦਮਿਕ ਯੋਜਨਾ ਅਤੇ ਵਿਦਿਆਰਥੀਆਂ ਦੇ ਕਲਿਆਣ ਲਈ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।