ਆਈਐੱਸਸੀ, ਆਈਸੀਐੱਸਈ ਅਤੇ ਸੀਏਆਈਈ ਪਰੀਖਿਆਵਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

ਰਾਜਪਾਲ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1 ਕਰੋੜ ਰੁਪਏ ਅਤੇ ਪਿਕਲਬਾਲ ਕੋਰਟਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ

ਸਕੂਲ ਦੇ ਕਾਇਆਕਲਪ ਲਈ ਵਿਭਿੰਨ ਸਰੋਤਾਂ ਤੋਂ ਅਤਿਰਿਕਤ 5 ਕਰੋੜ ਰੁਪਏ ਦੀ ਸਹਾਇਤਾ ਦਾ ਵੀ ਭਰੋਸਾ ਦਿੱਤਾ

ਚੰਡੀਗੜ੍ਹ, 30 ਮਈ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਦ ਪੰਜਾਬ ਪਬਲਿਕ ਸਕੂਲ, ਨਾਭਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਈਐੱਸਸੀ, ਆਈਸੀਐੱਸਈ ਅਤੇ ਸੀਏਆਈਈ ਪਰੀਖਿਆਵਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਲਗਭਗ 53 ਵਿਦਿਆਰਥੀਆਂ ਨੂੰ ਬੈਚ ਟੌਪਰ, ਸਟ੍ਰੀਮ ਟੌਪਰ, ਸੀਏਆਈਈ ਟੌਪਰ ਅਤੇ ਉੱਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਹਿਤ ਵਿਭਿੰਨ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ।

ਪੰਜਾਬ ਦੇ ਰਾਜਪਾਲ, ਜੋ ਸਕੂਲ ਬੋਰਡ ਦੇ ਚੇਅਰਮੈਨ ਵੀ ਹਨ, ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਪਰਿਣਾਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਵਿੱਚ ਅਧਿਆਪਕਾਂ ਦੇ ਨਿਰੰਤਰ ਪ੍ਰਯਾਸਾਂ ਅਤੇ ਮਾਪਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਵਰਤਮਾਨ ਜ਼ਰੂਰਤਾਂ ਦੇ ਅਨੁਰੂਪ ਸਕੂਲ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਅਤੇ ਕਾਇਆਕਲਪ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਅਤੇ ਸਕੂਲ ਦੇ ਵਿਆਪਕ ਕਾਇਆਕਲਪ ਲਈ ਵਿਭਿੰਨ ਸਰੋਤਾਂ ਤੋਂ ਅਤਿਰਿਕਤ 5 ਕਰੋੜ ਰੁਪਏ ਦੀ ਸਹਾਇਤਾ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮੁੱਖ ਅਧਿਆਪਕ ਦੀ ਬੇਨਤੀ ‘ਤੇ ਉਨ੍ਹਾਂ ਨੇ ਪਿੱਕਲਬਾਲ ਸਪੋਰਟਸ ਬੁਨਿਆਦੀ ਢਾਂਚੇ ਦੇ ਵਿਕਾਸ ਹਿਤ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।

ਸਕੂਲ ਦੇ ਅਕਾਦਮਿਕ ਪ੍ਰਦਰਸ਼ਨ ਦਾ ਉਲੇਖ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਈਐੱਸਸੀ ਪਰੀਖਿਆਵਾਂ ਵਿੱਚ ਸ਼ਾਮਲ ਹੋਏ ਸਾਰੇ 99 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਪਰੀਖਿਆ ਪਾਸ ਕੀਤੀ ਅਤੇ ਬੈਚ ਦਾ ਔਸਤ ਪਰਿਣਾਮ 91 ਪ੍ਰਤੀਸ਼ਤ ਰਿਹਾ। ਲਗਭਗ 60 ਪ੍ਰਤੀਸ਼ਤ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਅਧਿਕ ਅੰਕ ਪ੍ਰਾਪਤ ਕੀਤੇ, ਜਦਕਿ 34 ਵਿਦਿਆਰਥੀਆਂ ਨੇ ਕੈਮਿਸਟਰੀ, ਰਾਜਨੀਤੀ ਸ਼ਾਸਤਰ, ਕੰਪਿਊਟਰ ਵਿਗਿਆਨ, ਪੰਜਾਬੀ ਅਤੇ ਸਰੀਰਕ ਸਿੱਖਿਆ ਜਿਹੇ ਵਿਸ਼ਿਆਂ ਵਿੱਚ ਪੂਰੇ ਅੰਕ ਪ੍ਰਾਪਤ ਕੀਤੇ।

ਆਈਸੀਐੱਸਈ ਪਰੀਖਿਆਵਾਂ ਵਿੱਚ 103 ਵਿੱਚੋਂ 68 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਸਫ਼ਲਤਾ ਪ੍ਰਾਪਤ ਕੀਤੀ ਅਤੇ ਬੈਚ ਦਾ ਔਸਤ ਪਰਿਣਾਮ 80.3 ਪ੍ਰਤੀਸ਼ਤ ਰਿਹਾ। ਉੱਥੇ ਹੀ 22 ਵਿਦਿਆਰਥੀਆਂ ਨੇ ਪੰਜਾਬੀ, ਜੀਵ ਵਿਗਿਆਨ, ਕੰਪਿਊਟਰ ਐਪਲੀਕੇਸ਼ਨਸ ਅਤੇ ਭੂਗੋਲ ਜਿਹੇ ਵਿਸ਼ਿਆਂ ਵਿੱਚ ਪੂਰੇ ਅੰਕ ਪ੍ਰਾਪਤ ਕੀਤੇ।

ਸ਼੍ਰੀ ਕਟਾਰੀਆ ਨੇ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਪੀਪੀਐੱਸ ਨਾਭਾ ਦੀਆਂ ਉਪਲਬਧੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੀਆਂ ਅੰਡਰ-14 ਅਤੇ ਅੰਡਰ-19 ਹਾਕੀ ਟੀਮਾਂ ਨੇ ਆਲ ਇੰਡੀਆ ਆਈਪੀਐੱਸਸੀ ਹਾਕੀ ਚੈਂਪੀਅਨਸ਼ਿਪ ਜਿੱਤੀ, ਜਦਕਿ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਵਿੱਚ 27 ਗੋਲਡ ਮੈਡਲਾਂ ਸਹਿਤ 77 ਮੈਡਲ ਜਿੱਤ ਕੇ ਆਲ ਇੰਡੀਆ ਆਈਪੀਐੱਸਸੀ ਇਕੁਐਸਟ੍ਰੀਅਨ (ਘੋੜਸਵਾਰ) ਚੈਂਪੀਅਨਸ਼ਿਪ ਵਿੱਚ ਵੀ ਜਿੱਤ ਪ੍ਰਾਪਤ ਕੀਤੀ।

ਉਨ੍ਹਾਂ ਨੇ ਸਕੂਲ ਦੀ ਬੈਂਡ ਟੀਮ ਦੀਆਂ ਉਪਲਬਧੀਆਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਪੀਪੀਐੱਸ ਦੇ ਵਿਦਿਆਰਥੀਆਂ ਨੇ ਆਈਪੀਐੱਸਸੀ ਅਤੇ ਸੀਆਈਐੱਸਸੀਈ ਮੁਕਾਬਲਿਆਂ ਵਿੱਚ 350 ਤੋਂ ਅਧਿਕ ਮੈਡਲ ਜਿੱਤੇ ਹਨ ਅਤੇ 50 ਤੋਂ ਅਧਿਕ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸਕੂਲ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।

ਰਾਜਪਾਲ ਨੇ ਹੋਣਹਾਰ ਵਿਦਿਆਰਥੀਆਂ ਲਈ ਨਕਦ ਪੁਰਸਕਾਰਾਂ ਦਾ ਐਲਾਨ ਕੀਤਾ, ਜਿਸ ਵਿੱਚ ਟੌਪਰਾਂ ਅਤੇ 90 ਪ੍ਰਤੀਸ਼ਤ ਤੋਂ ਅਧਿਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਹਾਕੀ ਖਿਡਾਰੀਆਂ ਲਈ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ ਅਤੇ ਘੋੜਸਵਾਰੀ ਗਤੀਵਿਧੀਆਂ ਲਈ ਸਮਰਥਨ ਦੇਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰਯਾਸ ਪ੍ਰਤਿਭਾ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ।

ਰਾਜਪਾਲ ਨੇ ਇਹ ਵੀ ਦੱਸਿਆ ਕਿ ਇਸ ਵਰ੍ਹੇ ਸਕੂਲ ਨੇ ਰਾਸ਼ਟਰੀ ਰੈਂਕਿੰਗ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਸਕੂਲ ਦੀ ਪੁਰਾਣੀ ਗੌਰਵਸ਼ਾਲੀ ਪਹਿਚਾਣ ਨੂੰ ਦੁਬਾਰਾ ਸਥਾਪਿਤ ਕਰਨ ਅਤੇ ਉਸ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੀ ਬਿਹਤਰੀਨ ਸੰਸਥਾ ਬਣਾਉਣ ਦੇ ਨਾਲ-ਨਾਲ ਰੱਖਿਆ ਸੇਵਾਵਾਂ ਲਈ ਅਧਿਕਾਰੀ ਤਿਆਰ ਕਰਨ ਵਿੱਚ ਵੀ ਮੋਹਰੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਯੁਵਾ ਰਾਸ਼ਟਰ ਦਾ ਭਵਿੱਖ ਹਨ ਅਤੇ ਉਹ “ਵਿਕਸਿਤ ਭਾਰਤ 2047” ਦੇ ਲਕਸ਼ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ, ਇਨੋਵੇਸ਼ਨ ਅਤੇ ਸਮਾਜਿਕ ਕਲਿਆਣ ਲਈ ਆਪਣੀ ਪ੍ਰਤਿਭਾ ਅਤੇ ਊਰਜਾ ਦਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਸਮਾਜਿਕ ਬੁਰਾਈ ਨੂੰ ਸਮਾਜ ਤੋਂ ਸਮਾਪਤ ਕਰਨ ਲਈ ਸਮੂਹਿਕ ਪ੍ਰਯਾਸ ਕਰਨ ਦਾ ਸੱਦਾ ਦਿੱਤਾ।

ਪੀਪੀਐੱਸ ਨਾਭਾ ਦੇ ਹੈੱਡਮਾਸਟਰ, ਡਾ. ਡੀ.ਸੀ. ਸ਼ਰਮਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕਰਦੇ ਹੋਏ ਰਾਜਪਾਲ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੰਜਾਬ ਲੋਕ ਭਵਨ ਵਿੱਚ ਸੱਦਾ ਦੇ ਕੇ ਸਨਮਾਨਿਤ ਕਰਨ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਅਤੇ ਖੇਡ ਸੁਵਿਧਾਵਾਂ ਦੇ ਵਿਕਾਸ ਲਈ ਉਦਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਨਾਲ ਲਈ ਵਿਦਿਆਰਥੀਆਂ ਨੂੰ ਨਵੀਂ ਪ੍ਰੇਰਣਾ ਮਿਲੀ ਹੈ।

ਇਸ ਅਵਸਰ ‘ਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਬੋਰਡ ਆਵ੍ ਗਵਰਨਰਸ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਸ਼੍ਰੀ ਜੈ ਸਿੰਘ ਗਿੱਲ, ਡਾ. ਸੁਮੇਰ ਸਿੰਘ, ਮੈਂਬਰ, ਸ਼੍ਰੀਮਤੀ ਸੁਖਵਿੰਦਰ ਕੌਰ, ਪੀਸੀਐੱਸ, ਮੈਂਬਰ ਅਤੇ ਸਕੂਲ ਫੈਕਲਟੀ ਦੇ ਮੈਂਬਰ ਅਤੇ ਹੋ ਪਤਵੰਤੇ ਉਪਸਥਿਤ ਸਨ।

×