ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਰਚਾਇਆ ਵਿਸ਼ੇਸ਼ ਸਮਾਗਮ

ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਮਾਗਮ ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ I ਪੰਜਾਬ ਕਲਾ ਭਵਨ ‘ਚ ਹੋਏ ਇਸ ਸਮਾਗਮ ਵਿੱਚ ਨਾਟ ਪਾਠ ਦਵਿੰਦਰ ਦਮਨ ਅਤੇ ਉਹਨਾਂ ਦੀ ਪਤਨੀ ਪ੍ਰਸਿੱਧ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਜਸਵੰਤ ਦਮਨ ਨੇ ਕੀਤਾ I
ਲਗਭਗ ਡੇਢ ਘੰਟੇ ਦੀ ਇਸ ਪੇਸ਼ਕਾਰੀ ਨੂੰ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ਰੀਝ ਨਾਲ਼ ਮਾਣਿਆ I
ਇਹ ਨਾਟ ਪਾਠ ਇੱਕ ਵਿਆਹੁਤਾ ਜੋੜੇ ਦੇ ਉਸ ਵਾਰਤਾਲਾਪ ’ਤੇ ਅਧਾਰਿਤ ਹੈ ਜਿਸ ਵਿੱਚ ਉਹ ਰਿਸ਼ਤਿਆਂ ਦੀ ਸੰਜੀਦਗੀ, ਜੀਵਨ ਦੇ ਦੁੱਖ ਸੁੱਖ, ਆਲ਼ੇ ਦੁਆਲ਼ੇ ਵਾਪਰ ਰਹੀਆਂ ਘਟਨਾਵਾਂ, ਸ਼ਿਕਾਇਤਾਂ, ਖੁਸ਼ੀਆਂ ਅਤੇ ਤਕਲੀਫ਼ਾਂ ਦੀ ਗੱਲ ਕਰਦੇ ਇਹ ਸੁਨੇਹਾ ਦਿੰਦੇ ਹਨ ਕਿ ਸਾਰੀ ਜ਼ਿੰਦਗੀ ਛੋਟੀਆਂ ਛੋਟੀਆਂ ਘਟਨਾਵਾਂ ਦਾ ਵੱਡਾ ਸੁਮੇਲ ਹੈ I
ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਆਪਣੇ ਕਾਵਿਕ ਅੰਦਾਜ਼ ਵਿੱਚ ਸਭ ਨੂੰ ਜੀ ਆਇਆਂ ਕਹਿੰਦਿਆਂ ਦਮਨ ਜੋੜੇ ਦੇ ਰੰਗਮੰਚ ਦੇ ਸਫ਼ਰ ਨੂੰ ਸਰਾਹਿਆ I
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਨਾਟਕ ਉਹਨਾਂ ਕਦਮਾਂ ਨੂੰ ਸਮਰਪਿਤ ਹੈ ਜਿੰਨ੍ਹਾਂ ਦਾ ਸਫ਼ਰ ਜਾਰੀ ਹੈ I ਨਾਟ ਪਾਠ ਮਗਰੋਂ ਦਵਿੰਦਰ ਦਮਨ ਨੇ ਕਿਹਾ ਕਿ ਚਿਰਾਂ ਬਾਅਦ ਕੀਤੀ ਇਸ ਪੇਸ਼ਕਾਰੀ ਨੇ ਉਹਨਾਂ ਨੂੰ ਹੋਰ ਊਰਜਾ ਪ੍ਰਦਾਨ ਕੀਤੀ ਹੈ I ਜਸਵੰਤ ਦਮਨ ਆਪਣੀ ਬਾਕਮਾਲ ਅਦਾਕਾਰੀ ਮਗਰੋਂ ਕਿਹਾ ਕਿ ‘ਕਤਰਾ ਕਤਰਾ ਜ਼ਿੰਦਗੀ’ ਉਹਨਾਂ ਦੇ ਜੀਵਨ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ I
ਉੱਘੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਨੇ ਕਿਹਾ ਕਿ ਦਵਿੰਦਰ ਦਮਨ ਉਹਨਾਂ ਵਰਗੇ ਬਹੁਤ ਸਾਰੇ ਰੰਗਕਰਮੀਆਂ ਦੇ ਰਾਹ ਦਸੇਰੇ ਹਨ I
ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦਮਨ ਜੋੜੀ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਵੱਡੀ ਘਾਲਣਾ ਕਰ ਕੇ ਹੀ ਰੰਗਮੰਚ ਜਿਉਂਦਾ ਹੈ I ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਮਾਜ ਨੂੰ ਦਰਪਣ ਵਿਖਾਉਂਦੇ ਹਨ I
ਵੱਡੀ ਗਿਣਤੀ ਵਿੱਚ ਲੇਖਕਾਂ, ਰੰਗਮੰਚ ਅਤੇ ਫ਼ਿਲਮ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਇਸ ਸਮਾਗਮ ਦਾ ਹਾਸਿਲ ਸੀ I ਪ੍ਰਮੁੱਖ ਤੌਰ ‘ਤੇ ਇਹਨਾਂ ਵਿੱਚ ਗੁਰਨਾਮ ਕੰਵਰ, ਦਰਸ਼ਨ ਔਲਖ, ਬਲਕਾਰ ਸਿੱਧੂ, ਬਲਵਿੰਦਰ ਜੰਮੂ, ਜੈ ਸਿੰਘ ਛਿੱਬਰ, ਡਾ. ਗੁਰਮੇਲ ਸਿੰਘ, ਕਮਲ ਦੋਸਾਂਝ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਜਗਦੀਪ ਕੌਰ ਨੂਰਾਨੀ, ਨਰਿੰਦਰ ਨਸਰੀਨ, ਅਜਾਇਬ ਔਜਲਾ, ਅਰਵਿੰਦ ਦਮਨ ਰਟੌਲ, ਸੁਰਜੀਤ ਸਿੰਘ ਧੀਰ, ਗੁਰਦਰਸ਼ਨ ਸਿੰਘ ਮਾਵੀ, ਸੰਜੀਵ ਸਿੰਘ ਸੈਣੀ, ਸੁਖਵਿੰਦਰ ਆਹੀ, ਵਰਿੰਦਰ ਸਿੰਘ ਚੱਠਾ, ਦਵਿੰਦਰ ਕੌਰ ਢਿੱਲੋਂ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਲਾਭ ਸਿੰਘ ਲਹਿਲੀ, ਸਰਬਜੀਤ ਸਿੰਘ ਪੱਡਾ, ਪਰਮਿੰਦਰ ਸਿੰਘ ਮਦਾਨ, ਭੁਪਿੰਦਰ ਸਿੰਘ, ਜਗਜੀਤ ਸਿੰਘ ਸੈਣੀ, ਤਜਿੰਦਰ ਜੋਗਾ ਸਿੰਘ, ਰਘਬੀਰ ਭੁੱਲਰ, ਪੂਨਮ ਸਿੰਘ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਮਿੰਨੀ ਸਰਕਾਰੀਆ, ਅਨੀਤਾ ਸ਼ਬਦੀਸ਼, ਸਿਮਰਜੀਤ ਗਰੇਵਾਲ, ਹਰਭਜਨ ਕੌਰ ਢਿੱਲੋਂ, ਚਰਨਜੀਤ ਕੌਰ ਬਾਠ, ਰਾਜ ਸਮੱਧਰ, ਮਹਿੰਦਰ ਸਿੰਘ ਸੰਧੂ, ਜਲੌਰ ਸਿੰਘ ਖੀਵਾ, ਸੁਰਿੰਦਰ ਕੁਮਾਰ, ਕੰਵਲਦੀਪ ਕੌਰ, ਅਸ਼ੋਕ ਕੁਮਾਰ ਗਿਰੀ, ਗਗਨਦੀਪ ਕੌਰ, ਰਿਤੂ ਕੇਸਰ, ਇੰਦਰਜੀਤ ਭੁੱਲਰ, ਸੰਜੀਤ, ਗੁਰਬਿੰਦਰ ਗੌਰੀ, ਪ੍ਰਿਯਮ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸਿੰਗਲ, ਖਮੇਸ਼ ਸਿੰਗਲਾ, ਅਰਸ਼ਦੀਪ ਸਿੰਘ, ਅਵਤਾਰ ਸਿੰਘ, ਗੋਰਕੀ ਸਿੰਘ, ਸਤਬੀਰ ਕੌਰ, ਧਰਮਿੰਦਰ ਸਿੰਘ, ਮੰਦਰ ਗਿੱਲ, ਰਜਿੰਦਰ ਦੱਤ,ਕਾਬਲ ਵਿਰਕ,ਰਣਜੀਤ ਕੌਰ ਸੰਧੂ, ਦੋਹਨ ਵਰਮਾ, ਡਾ. ਵਿਨੋਦ ਸੋਨੀ, ਅਸ਼ਵਨੀ ਮਲਹੋਤਰਾ ਭੀਮ, ਰੂਪ ਸਿੰਘ ਦਿਓਲ, ਚਰਨਜੀਤ ਸਿੰਘ ਕਲੇਰ ਅਤੇ ਹਰਜੀਤ ਸਿੰਘ ਦੇ ਨਾਮ ਜ਼ਿਕਰੇ ਖ਼ਾਸ ਹਨ I

×