“ਇਹ ਵਪਾਰ ਦਾ ਨਹੀਂ, ਗੁਰੂ ਨਾਨਕ ਸਾਹਿਬ ਦੇ ਸਿਫ਼ਤੀ ਦੇ ਘਰ ਜਾਣ ਵਾਲੇ ਰਸਤੇ ਦਾ ਮਾਮਲਾ ਹੈ” ਬਿਕਰਮ ਸਿੰਘ ਮਜੀਠੀਆ
“ਸਰਬੱਤ ਦੇ ਭਲੇ ਦੇ ਰਾਹ ਨੂੰ ਬੰਦ ਰੱਖਣਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਬੇਇਨਸਾਫ਼ੀ ਹੈ” ਬਿਕਰਮ ਸਿੰਘ ਮਜੀਠੀਆ
“ਕਰਤਾਰਪੁਰ ਕੋਰੀਡੋਰ ਅਮਨ ਦਾ ਲਾਂਘਾ ਹੈ, ਸਰਬੱਤ ਦੇ ਭਲੇ ਦਾ ਰਾਹ ਹੈ।” ਬਿਕਰਮ ਸਿੰਘ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਤੁਰੰਤ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇ, ਤਾਂ ਜੋ ਦੇਸ਼-ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਆਪਣੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕੇ।
ਸ. ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਅਮਨ ਦਾ ਲਾਂਘਾ ਹੈ। ਇਹ “ਸਰਬੱਤ ਦੇ ਭਲੇ” ਦਾ ਰਾਹ ਹੈ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ, ਭਾਈਚਾਰੇ, ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਗੁਰੂ ਦੇ ਚਰਨਾਂ ਵਿੱਚ ਜਿਹੜਾ ਵੀ ਸ਼ਰਧਾਲੂ ਨਤਮਸਤਕ ਹੋਵੇਗਾ, ਉਹ ਆਪਣੇ ਲਈ ਕੁਝ ਨਹੀਂ ਮੰਗੇਗਾ, ਸਗੋਂ ਗੁਰੂ ਦੀਆਂ ਖੁਸ਼ੀਆਂ ਅਤੇ ਸਮੁੱਚੀ ਮਨੁੱਖਤਾ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰੇਗਾ। ਇਸ ਪਵਿੱਤਰ ਲਾਂਘੇ ਨੂੰ ਬੰਦ ਰੱਖਣਾ ਲੱਖਾਂ-ਕਰੋੜਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਣ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਮੈਂ ਇਸ ਸੋਚ ਅਤੇ ਅਜਿਹੇ ਫ਼ੈਸਲੇ ਦਾ ਡਟਵਾਂ ਵਿਰੋਧ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਦੇ ਵੀ ਨਫ਼ਰਤ, ਟਕਰਾਅ ਜਾਂ ਵੰਡ ਦਾ ਨਹੀਂ ਰਿਹਾ। ਉਨ੍ਹਾਂ ਨੇ ਹਮੇਸ਼ਾ ਮਨੁੱਖਤਾ ਨੂੰ ਜੋੜਨ, ਅਮਨ ਕਾਇਮ ਕਰਨ ਅਤੇ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਹੈ। ਇਸ ਲਈ ਗੁਰੂ ਦੇ ਘਰ ਜਾਣ ਵਾਲੇ ਰਸਤੇ ਨੂੰ ਕਿਸੇ ਵੀ ਬਹਾਨੇ ਨਾਲ ਬੰਦ ਰੱਖਣਾ ਉਚਿਤ ਨਹੀਂ ਹੈ।
ਸ. ਮਜੀਠੀਆ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ‘ਤੇ ਤੁਰੰਤ ਫ਼ੈਸਲਾ ਲੈਣਾ ਚਾਹੀਦਾ ਹੈ। ਜੇਕਰ ਦੇਸ਼ ਦੇ ਹੋਰ ਸਰਹੱਦੀ ਰਸਤਿਆਂ ਅਤੇ ਬੰਦਰਗਾਹਾਂ ਰਾਹੀਂ ਪਾਕਿਸਤਾਨ ਨਾਲ ਵੱਖ-ਵੱਖ ਤਰ੍ਹਾਂ ਦਾ ਵਪਾਰ ਅਤੇ ਹੋਰ ਜ਼ਰੂਰੀ ਗਤੀਵਿਧੀਆਂ ਚੱਲ ਸਕਦੀਆਂ ਹਨ, ਤਾਂ ਕਰਤਾਰਪੁਰ ਕੋਰੀਡੋਰ ਕੋਈ ਵਪਾਰ ਦਾ ਰਸਤਾ ਨਹੀਂ ਹੈ ਬਲਕਿ ਇਹ ਸਿਫਤੀ ਦਾ ਘਰ ਹੈ ਜਿਸ ਨਾਲ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਸਿਫ਼ਤੀ ਦੇ ਘਰ ਜਾਣ ਵਾਲੀ ਪਵਿੱਤਰ ਸੜਕ ਹੈ। ਇਹ ਕਰੋੜਾਂ ਸਿੱਖਾਂ ਦੀ ਆਸਥਾ, ਵਿਸ਼ਵਾਸ ਅਤੇ ਅਰਦਾਸ ਦਾ ਰਸਤਾ ਹੈ। ਇਸ ਰਸਤੇ ਰਾਹੀਂ ਜਾਣ ਵਾਲਾ ਹਰ ਸ਼ਰਧਾਲੂ ਕੇਵਲ ਮਨੁੱਖਤਾ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਦਾ ਹੈ। ਇਸ ਲਈ ਇਸ ਲਾਂਘੇ ਨੂੰ ਸਿਆਸੀ ਜਾਂ ਕੂਟਨੀਤਕ ਐਨਕ ਨਾਲ ਨਹੀਂ, ਸਗੋਂ ਧਾਰਮਿਕ ਆਸਥਾ ਅਤੇ ਮਨੁੱਖਤਾ ਦੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ।
ਸ. ਮਜੀਠੀਆ ਨੇ ਯਾਦ ਦਿਵਾਇਆ ਕਿ ਜਦੋਂ ਸਾਲ 2019 ਵਿੱਚ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਸੀ ਤਾਂ ਪੂਰੇ ਸਿੱਖ ਪੰਥ ਨੇ ਇਸ ਦਾ ਦਿਲੋਂ ਸਵਾਗਤ ਕੀਤਾ ਸੀ। ਇਹ ਸਿਰਫ਼ ਇੱਕ ਪ੍ਰੋਜੈਕਟ ਨਹੀਂ ਸੀ, ਸਗੋਂ ਦਹਾਕਿਆਂ ਤੋਂ ਕੀਤੀ ਜਾ ਰਹੀ ਅਰਦਾਸ ਦੀ ਪੂਰਤੀ ਸੀ। ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਇਤਿਹਾਸਕ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਨਮਾਨ ਕਰਾਰ ਦਿੱਤਾ ਸੀ। ਅੱਜ ਵੀ ਉਹੀ ਭਾਵਨਾ ਹੈ ਅਤੇ ਸੰਗਤਾਂ ਦੀ ਇਹੀ ਮੰਗ ਹੈ ਕਿ ਗੁਰੂ ਨਾਨਕ ਦੇ ਘਰ ਜਾਣ ਵਾਲਾ ਇਹ ਪਵਿੱਤਰ ਲਾਂਘਾ ਬਿਨਾਂ ਕਿਸੇ ਦੇਰੀ ਦੇ ਮੁੜ ਖੋਲ੍ਹਿਆ ਜਾਵੇ।
ਅੰਤ ਵਿੱਚ ਸ. ਮਜੀਠੀਆ ਨੇ ਕਿਹਾ, “ਕਰਤਾਰਪੁਰ ਕੋਰੀਡੋਰ ਕਿਸੇ ਸਿਆਸੀ ਬਹਿਸ ਦਾ ਵਿਸ਼ਾ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਜੁੜੀ ਕਰੋੜਾਂ ਸ਼ਰਧਾਲੂਆਂ ਦੀ ਅਟੁੱਟ ਆਸਥਾ ਦਾ ਪ੍ਰਤੀਕ ਹੈ। ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਸਕਾਰਾਤਮਕ ਫ਼ੈਸਲਾ ਲੈ ਕੇ ਸੰਗਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।”
