ਰਾਜਪਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਸਹੁੰ ਚੁੱਕਣ ਦਾ ਸੱਦਾ ਦਿੱਤਾ
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨਾਲ
ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਰਾਸ਼ਟਰਵਿਆਪੀ
ਅਭਿਯਾਨ “ਮੇਰਾ ਯੁਵਾ ਭਾਰਤ ਕਨੈਕਟ – ਨਸ਼ਾ ਮੁਕਤ ਅਭਿਯਾਨ” ਦੀਆਂ ਤਿਆਰੀਆਂ ਦੀ ਸਮੀਖਿਆ ਲਈ ਆਯੋਜਿਤ ਕੀਤੀ ਗਈ ਸੀ।
ਇਸ ਮੀਟਿੰਗ ਵਿੱਚ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ;
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਯਾਦਵ; ਸਕੱਤਰ, ਸਕੂਲ ਸਿੱਖਿਆ, ਚੰਡੀਗੜ੍ਹ ਪ੍ਰਸ਼ਾਸਨ, ਸ਼੍ਰੀਮਤੀ ਪ੍ਰੇਰਣਾ ਪੁਰੀ, (ਆਈਏਐੱਸ); ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ; ਮੇਰਾ ਯੁਵਾ ਭਾਰਤ ਯੁਵਾ ਕਨੈਕਟ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਰਸ਼ਮੀਤ ਕੌਰ; ਮੇਰਾ ਯੁਵਾ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫ਼ਸਰ ਸ਼੍ਰੀ ਵਿਨੈ ਕੁਮਾਰ ਅਤੇ ਸ਼੍ਰੀ ਲਲਿਤ ਜੈਨ (ਆਈਏਐੱਸ) ਨੇ ਵਿਅਕਤੀਗਤ ਤੌਰ ‘ਤੇ ਹਿੱਸਾ ਲਿਆ, ਜਦਕਿ ਪੰਜਾਬ ਅਤੇ ਚੰਡੀਗੜ੍ਹ ਭਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨੇ ਵਰਚੁਅਲ ਮੋਡ ਦੇ ਜ਼ਰੀਏ ਹਿੱਸਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਤੰਦਰੁਸਤ, ਅਨੁਸ਼ਾਸਿਤ ਅਤੇ ਜ਼ਿੰਮੇਦਾਰ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਕੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਵਿੱਦਿਅਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ‘ਮੇਰਾ ਯੁਵਾ ਭਾਰਤ ਯੁਵਾ ਕਨੈਕਟ – ਨਸ਼ਾ ਮੁਕਤ ਅਭਿਯਾਨ’ ਨਸ਼ੇ ਦੇ ਖ਼ਿਲਾਫ਼ ਰਾਸ਼ਟਰੀ ਅੰਦੋਲਨ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਇਕਜੁੱਟ ਕਰਨ ਲਈ ਇੱਕ ਉਤਕ੍ਰਿਸ਼ਟ ਮੰਚ ਪ੍ਰਦਾਨ ਕਰਦਾ ਹੈ।
ਰਾਜਪਾਲ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਮੇਰਾ ਯੁਵਾ ਭਾਰਤ ਪੋਰਟਲ ਦੇ ਜ਼ਰੀਏ ਨਸ਼ਾ ਮੁਕਤੀ ਈ-ਸ਼ਪਥ ਅਭਿਯਾਨ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਵਲੰਟੀਅਰਾਂ ਦੀ ਅਧਿਕਤਮ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ 2 ਅਗਸਤ 2026 ਨੂੰ ਸਵੇਰੇ 10:00 ਵਜੇ ਆਯੋਜਿਤ ਹੋਣ ਵਾਲੇ ਮੁੱਖ ਪ੍ਰੋਗਰਾਮ ਦੀਆਂ ਤਿਆਰੀਆਂ ਤੁਰੰਤ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਦੇ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਜੀ ਪ੍ਰਤੀਭਾਗੀਆਂ ਨੂੰ ਵਰਚੁਅਲੀ ਸੰਬੋਧਨ ਕਰਨਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰੇਕ ਪਾਤਰ ਵਿਦਿਆਰਥੀ ਨੂੰ ਮੇਰਾ ਯੁਵਾ ਭਾਰਤ ਪੋਰਟਲ ‘ਤੇ ਰਜਿਸਟਰ ਕਰਨ, ਨਸ਼ਾ ਮੁਕਤੀ ਦਾ ਪ੍ਰਣ ਲੈਣ ਅਤੇ ਈ-ਸਰਟੀਫਿਕੇਟ ਡਾਊਨਲੋਡ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ।
ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਲਈ, ਰਾਜਪਾਲ ਨੇ ਹਰੇਕ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਵਿਭਾਗਾਂ, ਸਬੰਧਿਤ ਕਾਲਜਾਂ, ਮਾਨਤਾ ਪ੍ਰਾਪਤ ਕਾਲਜਾਂ ਅਤੇ ਮੇਰਾ ਯੁਵਾ ਭਾਰਤ ਦੇ ਅਹੁਦੇਦਾਰਾਂ ਨਾਲ ਤਾਲਮੇਲ ਕਰਨ ਲਈ ਇੱਕ ਸਮਰਪਿਤ ਨੋਡਲ ਅਫ਼ਸਰ ਨਾਮਜ਼ਦ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ
ਵਲੰਟੀਅਰਾਂ ਦੇ ਨਾਮਾਂਕਣ ਅਤੇ ਪ੍ਰਤਿੱਗਿਆ ਰਜਿਸਟ੍ਰੇਸ਼ਨ ਲਈ ਲਕਸ਼-ਅਧਾਰਿਤ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ, ਨਾਲ ਹੀ ਹਰ ਪੱਧਰ ‘ਤੇ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਸ਼੍ਰੀ ਕਟਾਰੀਆ ਨੇ ਅੱਗੇ ਨਿਰਦੇਸ਼ ਦਿੱਤਾ ਕਿ ਇਹ ਅਭਿਯਾਨ ਕੇਵਲ ਯੂਨੀਵਰਸਿਟੀ ਹੈੱਡਕੁਆਰਟਰਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਬਲਕਿ ਸਾਰੇ ਸਬੰਧਿਤ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵੀ ਸਰਗਰਮੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਸੰਸਥਾਗਤ ਵੈੱਬਸਾਇਟਾਂ, ਸੋਸ਼ਲ ਮੀਡੀਆ ਪਲੈਟਫਾਰਮਾਂ, ਵਿਦਿਆਰਥੀ ਸਮੂਹਾਂ, ਡਿਜੀਟਲ ਸਕ੍ਰੀਨਾਂ, ਨੋਟਿਸਾਂ ਅਤੇ ਹੋਰ ਉਪਲਬਧ ਸੰਚਾਰ ਮਾਧਿਅਮਾਂ ਦੇ ਜ਼ਰੀਏ ਅਭਿਯਾਨ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਦਾ ਸੱਦਾ ਦਿੱਤਾ ਤਾਕਿ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਹਰ ਯੁਵਾ ਨਾਗਰਿਕ ਤੱਕ ਪਹੁੰਚੇ।
ਰਾਜਪਾਲ ਨੇ ਯੂਨੀਵਰਸਿਟੀਆਂ ਨੂੰ ਨਸ਼ਾ ਮੁਕਤ ਭਾਰਤ ਅਭਿਯਾਨ ਦੀ ਗਤੀ ਨੂੰ ਬਣਾਈ ਰੱਖਣ ਲਈ ਵਰ੍ਹੇ ਭਰ ਸੈਮੀਨਾਰ, ਜਾਗਰੂਕਤਾ ਵਖਿਆਨ, ਰੈਲੀਆਂ, ਮੁਕਾਬਲੇ, ਸਹੁੰ ਚੁੱਕ ਮੁਹਿੰਮਾਂ ਅਤੇ ਹੋਰ ਆਊਟਰੀਚ ਪ੍ਰੋਗਰਾਮ ਆਯੋਜਿਤ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਨੇ ਸੰਸਥਾਵਾਂ ਨੂੰ ਮੇਰਾ ਯੁਵਾ ਭਾਰਤ ਪੋਰਟਲ ‘ਤੇ ਸਾਰੀਆਂ ਗਤੀਵਿਧੀਆਂ ਦੀਆਂ ਫੋਟੋਆਂ, ਵੀਡੀਓ ਅਤੇ ਰਿਪੋਰਟਾਂ ਨਿਯਮਿਤ ਤੌਰ ‘ਤੇ ਅਪਲੋਡ ਕਰਨ ਅਤੇ ਪ੍ਰਭਾਵੀ ਨਿਗਰਾਨੀ ਅਤੇ ਦਸਤਾਵੇਜ਼ੀਕਰਣ ਲਈ ਭਾਗੀਦਾਰੀ ਦੇ ਅਪਡੇਟਸ ਸਾਂਝੇ ਕਰਨ ਦਾ ਨਿਰਦੇਸ਼ ਦਿੱਤਾ। ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਸੰਸਥਾਵਾਂ ਨੂੰ ਸਮੇਂ ‘ਤੇ ਸਹਾਇਤਾ ਲਈ ਮਨੋਨੀਤ ਮੇਰਾ ਯੁਵਾ ਭਾਰਤ ਅਧਿਕਾਰੀਆਂ ਨਾਲ ਤੁਰੰਤ ਤਾਲਮੇਲ ਕਰਨ ਦੀ ਸਲਾਹ ਦਿੱਤੀ ਗਈ।
ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਯੁਵਾ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਸੁਨਿਸ਼ਚਿਤ ਕਰਕੇ ਇਸ ਅਭਿਯਾਨ ਨੂੰ ਇੱਕ ਜਨ-ਅੰਦੋਲਨ ਵਿੱਚ ਬਦਲਣ ਦਾ ਸੱਦਾ ਦਿੱਤਾ। ਉਨ੍ਹਾਂ ਵਿਸ਼ਵਾਸ ਵਿਅਕਤ ਕੀਤਾ ਕਿ ਵਿੱਦਿਅਕ ਸੰਸਥਾਵਾਂ ਦੇ ਸਮੂਹਿਕ ਪ੍ਰਯਾਸਾਂ ਨਾਲ ਇਹ ਅਭਿਯਾਨ ਯੁਵਾ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਤਿਆਗਣ ਅਤੇ ਇੱਕ ਤੰਦਰੁਸਤ, ਜਾਗਰੂਕ ਅਤੇ ਜ਼ਿੰਮੇਦਾਰ ਸਮਾਜ ਦੇ ਬ੍ਰਾਂਡ ਅੰਬੈਸਡਰ ਬਣਨ ਲਈ ਪ੍ਰੇਰਿਤ ਕਰੇਗਾ।
