ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ
ਪੰਜਾਬ ਲੋਕ ਭਵਨ, ਚੰਡੀਗੜ੍ਹ ਸਥਿਤ
ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਲੋਕ ਭਵਨ ਕਰਮਚਾਰੀ ਸੱਭਿਆਚਾਰਕ ਅਤੇ ਸਪੋਰਟਸ ਐਸੋਸੀਏਸ਼ਨ ਦੁਆਰਾ ਆਯੋਜਿਤ ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਲੋਕ ਭਵਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਸਵੈ-ਇੱਛਤ ਖੂਨਦਾਨ ਅਤੇ ਨਿਵਾਰਕ ਸਿਹਤ ਦੇਖਭਾਲ਼ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਰਾਜਪਾਲ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਇੱਕ ਮਹਾਨ ਕਾਰਜ ਹੈ ਜੋ ਕਿਸੇ ਦਾ ਜੀਵਨ ਬਚਾ ਸਕਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ, ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਸਮੇਂ-ਸਮੇਂ ‘ਤੇ ਸਵੈਇੱਛਾ ਨਾਲ ਖੂਨਦਾਨ ਕਰਨ ਦਾ ਸੱਦਾ ਦਿੱਤਾ।
ਇਹ ਕੈਂਪ ਪੰਜਾਬ ਰੈੱਡ ਕਰਾਸ ਸੋਸਾਇਟੀ, ਚੰਡੀਗੜ੍ਹ, ਗ੍ਰੇਸ਼ੀਅਨ ਹਸਪਤਾਲ, ਮਿਰਚੀਆਜ਼ ਲੇਜ਼ਰ ਆਈ ਸੈਂਟਰ, ਡਾ. ਅਗਰਵਾਲਸ ਆਈ ਹਸਪਤਾਲ, ਡੈਂਟਲ ਆਰਟਿਸਟ੍ਰੀ ਅਤੇ ਵੂਮੈਨ ਐਂਡ ਚਾਇਲਡ ਕੇਅਰ ਵੈਲਫੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਮੈਡੀਸਿਨ, ਆਰਥੋਪੀਡਿਕਸ, ਗਾਇਨੇਕੋਲੋਜੀ, ਯੂਰੋਲੋਜੀ, ਕਾਰਡੀਓਲੋਜੀ, ਪਲਮੋਨੋਲੋਜੀ, ਨੇਤ੍ਰ ਰੋਗ (ਔਫਥੈਲਮੋਲੋਜੀ) ਅਤੇ ਡੈਂਟਲ ਕੇਅਰ ਵਿਭਾਗਾਂ ਦੇ ਮਾਹਰ ਡਾਕਟਰਾਂ ਦੁਆਰਾ ਮੁਫ਼ਤ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈਸੀਜੀ, ਪਲਮਨਰੀ ਫੰਕਸ਼ਨ ਟੈਸਟ (ਪੀਐੱਫਟੀ), ਬੋਨ ਮਿਨਰਲ ਡੈਂਸਿਟੀ (ਬੀਐੱਮਡੀ) ਅਤੇ ਯੂਰੋਫਲੋਮੈਟਰੀ ਜਿਹੇ ਸਿਹਤ ਟੈਸਟ ਵੀ ਮੁਫ਼ਤ ਕੀਤੇ ਗਏ।
ਕੈਂਪ ਵਿੱਚ ਕੁੱਲ 155 ਲੋਕਾਂ ਨੇ ਮੁਫ਼ਤ ਸਿਹਤ ਸਲਾਹ ਅਤੇ ਜਾਂਚ ਦਾ ਲਾਭ ਉਠਾਇਆ, ਜਦਕਿ 55 ਵਲੰਟੀਅਰਾਂ ਨੇ ਖੂਨਦਾਨ ਕਰਕੇ ਇਸ ਜਨਸੇਵਾ ਅਭਿਯਾਨ ਵਿੱਚ ਯੋਗਦਾਨ ਦਿੱਤਾ।
ਲੋਕ ਭਵਨ ਕਰਮਚਾਰੀ ਸੱਭਿਆਚਾਰਕ ਅਤੇ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਰਾਜਪਾਲ, ਸਹਿਯੋਗੀ ਸੰਸਥਾਵਾਂ, ਡਾਕਟਰਾਂ, ਹੈਲਥਕੇਅਰ ਸਟਾਫ਼, ਵਲੰਟੀਅਰਾਂ ਅਤੇ ਖੂਨਦਾਨੀਆਂ ਦਾ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਕਰਮਚਾਰੀਆਂ ਅਤੇ ਸਮਾਜ ਦੇ ਹਿਤ ਵਿੱਚ ਅਜਿਹੇ ਸਿਹਤ ਅਤੇ ਜਨਕਲਿਆਣ ਪ੍ਰੋਗਰਾਮ ਆਯੋਜਿਤ ਕਰਦੀ ਰਹੇਗੀ।

