ਸਰਕਾਰੀ ਮੁਲਾਜ਼ਮਾਂ ਨੂੰ ਚੌਕਸ ਕੀਤਾ ਕਿ ਉਹ ਝੂਠੇ ਵਾਅਦਿਆਂ ਵਿਚ ਨਾ ਆਉਣ ਸਗੋਂ ਆਪਣਾ ਬਣਦਾ ਪੂਰਾ ਹੱਕ ਲੈਣ
ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਵਾਂ ਜਲਾਲਾਬਾਦ ਸਿਰਜਣ, ਮੈਡੀਕਲ ਤੇ ਵੈਟਨਰੀ ਕਾਲਜ ਖੋਲ੍ਹਣ ਤੇ ਗਰੀਬ ਦੇ ਗੱਡੇ ਮੋਟਰ ਸਾਈਕਲ ’ਤੇ ਰੋਡ ਟੈਕਸ ਖ਼ਤਮ ਕਰਨ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਆਮ ਆਦਮੀ ਪਾਰਟੀ (ਆਪ) ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਖਹਿੜਾ ਛੁਡਵਾਉਣ ਲਈ ਉਹ ਇਕਜੁੱਟ ਹੋ ਜਾਣ ਕਿਉਂਕਿ ਭਗਵੰਤ ਮਾਨ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਚੌਕਸ ਕੀਤਾ ਕਿ ਉਹ ਆਪਣੇ ਮਹਿੰਗਾਈ ਭੱਤੇ ਦਾ ਸਾਰਾ ਲਾਭ ਲੈ ਲੈਣ ਤੇ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਾ ਆਉਣ।

ਇਥੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵਾਅਦਾ ਕੀਤਾ ਕਿ ਇਕ ਵਾਰ ਅਕਾਲੀ ਦਲ ਸੱਤਾ ਵਿਚ ਆ ਗਿਆ ਤਾਂ ਨਵੇਂ ਜਲਾਲਾਬਾਦ ਦੀ ਸਿਰਜਣਾ ਕਰਨਗੇ ਕਿਉਂਕਿ ਜਲਾਲਾਬਾਦ ਨੂੰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੋਵਾਂ ਨੇ ਪੂਰੀ ਤਰ੍ਹਾਂ ਅਣਡਿੱਠ ਕੀਤਾ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਹਲਕੇ ਨੂੰ ਮੁੜ ਲੀਹ ’ਤੇ ਪਾ ਸਕਦਾ ਸਕਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਲਕੇ ਵਿਚ ਮੈਡੀਕਲ ਤੇ ਵੈਟਨਰੀ ਕਾਲਜ ਦੀ ਸਥਾਪਨਾ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਕਿਸਾਨਾਂ ਨੂੰ ਦਰਿਆਈ ਕੰਢੇ ਪੈਂਦੀ ਉਹਨਾਂ ਵੱਲੋਂ ਵਾਹੀ ਜਾਂਦੀ ਜ਼ਮੀਨ ਦੇ ਮਾਲਕਾਨਾ ਹੱਕ ਮਿਲਣ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਰੀਬ ਦੇ ਗੱਡੇ ਮੋਟਰ ਸਾਈਕਲ ’ਤੇ ਕੋਈ ਰੋਡ ਟੈਕਸ ਨਹੀਂ ਲਗਾਇਆ ਜਾਵੇਗਾ।

ਉਤਸ਼ਾਹੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਮੁੱਖ ਮੰਤਰੀ ਦੀ ਰਿਹਾਇਸ਼ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਇਕ ਜ਼ਬਰ ਜਨਾਹ ਦੇ ਦੋਸ਼ੀ ਨੂੰ ਮੁੱਖ ਮੰਤਰੀ ਦੀ ਪਤਨੀ ਸੌਦੇਬਾਜ਼ੀ ਕਰਵਾ ਕੇ ਰਿਹਾਅ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ ਕਿਉਂਕਿ ਸਾਰੀ ਆਪ ਲੀਡਰਸ਼ਿਪ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ’ਤੇ ਲੱਗੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਾਨੂੰਨ ਵਿਵਸਥਾ ਬਹੁਤ ਹੇਠਾਂ ਡਿੱਗ ਗਈ ਹੈ ਤੇ ਰੋਜ਼ਾਨਾ ਬੰਬ ਧਮਾਕੇ ਹੋ ਰਹੇ ਹਨ ਤੇ ਹਾਲ ਹੀ ਵਿਚ ਇਕ ਏ ਐਸ ਆਈ ਦਾ ਕਤਲ ਕਰ ਦਿੱਤਾ ਗਿਆ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਸਮਝਦਾ ਹੈ ਕਿ ਉਹ ਆਉਂਦੀਆਂ ਚੋਣਾਂ ਵਿਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਲਵੇਗਾ ਕਿਉਂਕਿ ਕਾਰਗੁਜ਼ਾਰੀ ਦੇ ਨਾਮ ’ਤੇ ਉਸ ਕੋਲ ਵਿਖਾਉਣ ਵਾਸਤੇ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਾਰ ਭਗਵੰਤ ਮਾਨ ਵਾਰਿਸ ਪੰਜਾਬ ਦੇ ਜਥੇਬੰਦੀ ਤਿਆਰ ਕਰ ਰਿਹਾ ਹੈ ਜੋ ਅਸਲ ਵਿਚ ਪੰਜਾਬ ਲਈ ਵਾਇਰਸ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੀ ਵਾਰਿਸ ਪੰਜਾਬ ਦੇ ਨੂੰ ਫੰਡ ਦੇ ਰਿਹਾ ਹੈ ਅਤੇ ਮੰਡੀ ਬੋਰਡ ਦਾ ਇਕ ਅਧਿਕਾਰੀ ਇਸ ਜਥੇਬੰਦੀ ਨੂੰ ਪੈਸਾ ਸਪਲਾਈ ਕਰਦਾ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਾਰੀਆਂ ਕੋਝੀਆਂ ਚਾਲਾਂ ਸਮਝਣ ਤੇ ਕਿਹਾ ਕਿ ਜੇਕਰ ਅਜਿਹੇ ਲੋਕ ਸੱਤਾ ਵਿਚ ਆ ਗਏ ਤਾਂ ਸੂਬੇ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਜਾਵੇਗੀ ਅਤੇ ਸੂਬਾ ਮੁੜ ਤੋਂ ਕਾਲੇ ਦੌਰ ਵੱਲ ਧੱਕਿਆ ਜਾਵੇਗਾ।
ਜਲਾਲਾਬਾਦ ਦੇ ਵਿਧਾਇਕ ਵਜੋਂ ਆਪਣੀ ਕਾਰਗੁਜ਼ਾਰੀ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਆਪਣੀਆਂ ਵੋਟਾਂ ਪਾ ਕੇ ਮੇਰੇ ’ਤੇ ਵਿਸ਼ਵਾਸ ਕੀਤਾ ਤੇ ਮੈਨੂੰ ਵਿਧਾਨ ਸਭਾ ਵਿਚ ਭੇਜਿਆ। ਮੈਂ ਜਲਾਲਾਬਾਦ ਨੂੰ ਮਾਡਲ ਹਲਕਾ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਉਹਨਾਂ ਕਿਹਾ ਕਿ ਮੰਦੇਭਾਗਾਂ ਨੂੰ ਪਿਛਲੇ 10 ਸਾਲਾਂ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਤੁਹਾਡਾ ਆਪ ਐਮ ਐਲ ਏ (ਜਗਦੀਪ ਗੋਲਡੀ) ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਹੈ। ਉਹਨਾਂ ਕਿਹਾ ਕਿ ਸਾਰੇ ਹਲਕੇ ਵਿਚ ਲੁੱਟ ਮਚੀ ਹੈ ਤੇ 25 ਟਰਾਂਸਫਾਰਮਰ ਲੁੱਟੇ ਜਾ ਚੁੱਕੇ ਹਨ। ਅਜਿਹੇ ਹਾਲਾਤ ਵਿਚ ਸਿਰਫ ਅਕਾਲੀ ਦਲ ਹੀ ਹਲਕੇ ਦੀ ਕਿਸਮਤ ਬਦਲ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਮੁੜ ਤੋਂ ਅਕਾਲੀ ਦਲ ’ਤੇ ਭਰੋਸਾ ਪ੍ਰਗਟ ਕਰੋ।
ਅਕਾਲੀ ਦਲ ਦੇ ਪ੍ਰਧਾਨ ਨੇ ਭਵਿੱਖ ਦੀ ਕਾਰਜ ਯੋਜਨਾ ਦੀ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ।ਜ਼ਮੀਨਦੋਜ਼ ਪਾਈਪਾਂ ਪਾ ਕੇ ਸਾਰਿਆਂ ਵਾਸਤੇ ਸਿੰਜਾਈ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਦੇ ਤਹਿਤ 50 ਕਿਲੋ ਕਣਕ ਪ੍ਰਦਾਨ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਹਰ ਜ਼ਿਲ੍ਹਾ ਹੈਡਕੁਆਰਟਰ ’ਤੇ ਮੈਡੀਕਲ ਤੇ ਵੈਟਨਰੀ ਕਾਲਜ ਖੋਲ੍ਹੇ ਜਾਣਗੇ ਅਤੇ ਨੌਜਵਾਨ ਉਦਮੀਆਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਪਸ਼ੂ ਪਾਲਣ ਪ੍ਰਾਜੈਕਟਾਂ ਵਾਸਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਤੇ ਬੇਘਰਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।
ਇਸ ਮੌਕੇ ਸੀਨੀਅਰ ਆਗੂ ਸਤਿੰਦਰਜੀਤ ਸਿੰਘ ਮੰਟਾ, ਨਰਦੇਵ ਸਿੰਘ ਮਾਨ, ਰਾਜ ਸਿੰਘ ਡਿੱਬੀਪੁਰਾ, ਅਸ਼ੋਕ ਅਨੇਜਾ, ਪ੍ਰੇਮ ਵਲੇਚਾ ਤੇ ਗੁਰਪਾਲ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ।