ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਆਪਦਾ ਪ੍ਰਬੰਧਨ ਦੀਆਂ ਤਿਆਰੀਆਂ ਅਤੇ ਪ੍ਰਤੀਕਿਰਿਆ ਤੰਤਰ ਨੂੰ ਮਜ਼ਬੂਤ ​​ਬਣਾਉਣ ਬਾਰੇ ਅੱਜ ਡਿਪਟੀ ਕਮਿਸ਼ਨਰ-ਅਤੇ-ਚੇਅਰਪਰਸਨ, ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਿਟੀ
(ਡੀਡੀਐੱਮਏ), ਚੰਡੀਗੜ੍ਹ
ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਦੀ ਪ੍ਰਧਾਨਗੀ ਵਿੱਚ ਇੱਕ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ) ਦੇ ਕਰਨਲ ਸੰਜੀਵ ਸਾਹੀ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, ਐੱਨਡੀਆਰਐੱਫ ਅਤੇ ਗ੍ਰਹਿ ਮੰਤਰਾਲੇ (ਐੱਮਐੱਚਏ) ਦੇ ਅਧਿਕਾਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਹੋਏ। ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਚੀਫ਼ ਫਾਇਰ ਅਫ਼ਸਰ, ਡਾ. ਇੰਦਰਜੀਤ, ਐੱਚਸੀਐੱਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਅਤੇ ਡਿਪਟੀ ਪੁਲਿਸ ਸੁਪਰਡੈਂਟ ਸੀਤਾ ਦੇਵੀ ਸਹਿਤ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਸ਼ਾਮਲ ਸਨ।

ਮੀਟਿੰਗ ਵਿੱਚ ਹੀਟਵੇਵ (ਲੂ), ਸ਼ਹਿਰੀ ਖੇਤਰਾਂ ਵਿੱਚ ਹੜ੍ਹ/ਪਾਣੀ ਭਰਨ ਦੀ ਸਮੱਸਿਆ, ਭੁਚਾਲ ਅਤੇ ਅੱਗ ਲਗਣ ਜਿਹੀਆਂ ਐਮਰਜੈਂਸੀ ਸਥਿਤੀਆਂ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਚਰਚਾ ਦੇ ਦੌਰਾਨ ਪੁਰਾਣੇ ਅਤੇ ਸੰਵੇਦਨਸ਼ੀਲ ਭਵਨਾਂ ਦਾ ਮੁੱਲਾਂਕਣ ਕਰਨ, ਅੱਗ ਬੁਝਾਉਣ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਮਜ਼ਬੂਤ ​​ਬਣਾਉਣ, ਅੰਤਰ-ਵਿਭਾਗੀ ਤਾਲਮੇਲ ਵਿੱਚ ਸੁਧਾਰ ਲਿਆਉਣ ਅਤੇ ਆਪਦਾ ਨਿਗਰਾਨੀ ਪ੍ਰਣਾਲੀਆਂ ਨੂੰ ਅਧਿਕ ਪ੍ਰਭਾਵੀ ਬਣਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।

ਮੀਟਿੰਗ ਦਾ ਪ੍ਰਮੁੱਖ ਵਿਸ਼ਾ ਚੰਡੀਗੜ੍ਹ ਲਈ ‘ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ’ (ਐੱਸਡੀਆਰਐੱਫ) ਦਾ ਗਠਨ ਰਿਹਾ। ਐੱਨਡੀਐੱਮਏ ਦੇ ਪ੍ਰਤੀਨਿਧੀ ਨੇ ‘ਆਪਦਾ ਪ੍ਰਬੰਧਨ (ਸੰਸ਼ੋਧਨ) ਐਕਟ, 2025’ ਦੇ ਮੱਦੇਨਜ਼ਰ ਇਸ ਦੇ ਗਠਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਮੀਟਿੰਗ ਵਿੱਚ ਐਮਰਜੈਂਸੀ ਅਪ੍ਰੇਸ਼ਨ ਸੈਂਟਰ (ਈਓਸੀ/ਐੱਸਈਓਸੀ) ਦੇ ਆਧੁਨਿਕੀਕਰਣ, ਇਸ ਨੂੰ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ਆਈਸੀਸੀਸੀ) ਨਾਲ ਜੋੜਨ ਅਤੇ ਜੀਆਈਐੱਸ ਅਧਾਰਿਤ ਆਪਦਾ ਜੋਖਮ ਦੀ ਮੈਪਿੰਗ ਅਤੇ ਨਿਗਰਾਨੀ ਪ੍ਰਣਾਲੀ ਨੂੰ ਅਪਣਾਉਣ ‘ਤੇ ਵੀ ਚਰਚਾ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਕਿਹਾ, “ਚੰਡੀਗੜ੍ਹ ਇੱਕ ਮਜ਼ਬੂਤ, ਟੈਕਨੋਲੋਜੀ-ਸਮਰੱਥ ਅਤੇ ਤਾਲਮੇਲ ਵਾਲੀ ਆਪਦਾ ਪ੍ਰਤੀਕਿਰਿਆ ਪ੍ਰਣਾਲੀ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ। ਐੱਸਡੀਆਰਐੱਫ ਦੇ ਗਠਨ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਅੱਗੇ ਵਧਾਇਆ ਜਾਵੇਗਾ। ਇਸ ਦੇ ਨਾਲ ਹੀ, ਕਿਸੇ ਵੀ ਆਪਦਾ ਦੀ ਸਥਿਤੀ ਵਿੱਚ ਸਮਾਂਬੱਧ ਅਤੇ ਪ੍ਰਭਾਵੀ ਕਾਰਵਾਈ ਸੁਨਿਸ਼ਚਿਤ ਕਰਨ ਲਈ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਸਮਰੱਥਾ, ਬੁਨਿਆਦੀ ਢਾਂਚੇ ਦੀ ਤਿਆਰੀ ਅਤੇ ਅੰਤਰ-ਵਿਭਾਗੀ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।”