ਚੰਡੀਗੜ੍ਹ:
ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦਾ ਇੱਕ ਉੱਚ-ਪੱਧਰੀ ਪੰਜ-ਮੈਂਬਰੀ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਮਿਲਿਆ। ਇਹ ਮੁਲਾਕਾਤ ਤਕਰੀਬਨ ਅੱਧਾ ਘੰਟਾ ਚੱਲੀ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. ਅਤੇ ਉਸ ਤੋਂ ਬਾਅਦ ਵਾਪਰੇ ਗੰਭੀਰ ਘਟਨਾਕ੍ਰਮ ਸਬੰਧੀ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਵਫ਼ਦ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਿਸਥਾਰਤ ਮੰਗ ਪੱਤਰ ਸੌਂਪਿਆ ਗਿਆ। ਮੁਲਾਕਾਤ ਤੋਂ ਤੁਰੰਤ ਬਾਅਦ ਪੰਜ-ਮੈਂਬਰੀ ਵਫ਼ਦ ਵੱਲੋਂ ਪ੍ਰੈੱਸ ਨੂੰ ਇਹ ਬਿਆਨ ਜਾਰੀ ਕੀਤਾ ਗਿਆ:
ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰੇ ਦੌਰਾਨ ਚੁੱਕੇ ਗਏ ਅਹਿਮ ਮੁੱਦੇ:
ਏਅਰ ਟਿਕਟਾਂ ਅਤੇ ਆਗਮਨ ਦਾ ਮਕਸਦ: ਬਹਿਰੀਨ ਤੋਂ ਨਵੀਂ ਦਿੱਲੀ ਆਈ ਉਕਤ ਔਰਤ ਅਤੇ ਉਸ ਦੀ ਨੂਹ ਦੀਆਂ ਏਅਰ ਟਿਕਟਾਂ ਕਿਸ ਵੱਲੋਂ ਕਰਵਾਈਆਂ ਗਈਆਂ ਅਤੇ ਉਸ ਨੂੰ ਇੱਥੇ ਲਿਆਉਣ ਪਿੱਛੇ ਕੀ ਮਕਸਦ ਸੀ, ਇਸ ਦੀ ਤੁਰੰਤ ਜਾਂਚ ਹੋਵੇ।

ਜੇਲ੍ਹ ਯਾਤਰਾ ਅਤੇ ਵੀ.ਆਈ.ਪੀ. ਸਹੂਲਤਾਂ: ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਉਸ ਬੀਬੀ ਨੂੰ ਦਿੱਤੀਆਂ ਗਈਆਂ ਵੀ.ਆਈ.ਪੀ. ਸਹੂਲਤਾਂ ਅਤੇ ਉਸ ਸਮੇਂ ਜੇਲ੍ਹ ‘ਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਉਸ ਦੀ ਮੁਲਾਕਾਤ ਹੋਣ ਜਾਂ ਨਾ ਹੋਣ ਦੇ ਤੱਥ ਸਾਹਮਣੇ ਲਿਆਂਦੇ ਜਾਣ।
ਨਾਭਾ ਜੇਲ੍ਹ ਤੋਂ ਰਿਹਾਈ ਅਤੇ ਰਹਾਈਸ਼: ਨਾਭਾ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਸ ਬੀਬੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ‘ਭਾਈ ਬਚਿੱਤਰ ਸਿੰਘ ਨਿਵਾਸ’ ਵਿੱਚ ਕਿਸ ਦੀਆਂ ਗੱਡੀਆਂ ਅਤੇ ਕਿਸ ਦੇ ਸੰਪਰਕ ਨਾਲ ਸ਼ਿਫ਼ਟ ਕੀਤਾ ਗਿਆ?
ਸਿਆਸੀ ਪੁਸ਼ਤਪਨਾਹੀ: ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਵਜੀਤ ਸਿੰਘ ਝਿੰਜਰ ਵੱਲੋਂ ਟਿਕਟਾਂ ਕਰਵਾਉਣ, ਜੇਲ੍ਹ ਤੋਂ ਰਿਹਾਅ ਕਰਵਾਉਣ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਸੰਪਰਕ ਕਰਵਾਉਣ ਦੇ ਰੋਲ ਦੀ ਪੂਰੀ ਜਾਂਚ ਹੋਵੇ।
ਅਨੈਤਿਕ ਸੁਨੇਹੇ ਤੇ ਸੰਪਰਕ: ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਡਰਾਈਵਰ ਮੋਹਨ ਸਿੰਘ ਅਤੇ ਮੇਜਰ ਸਿੰਘ ਕਵੀਸ਼ਰ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇ।
ਐਸ.ਜੀ.ਪੀ.ਸੀ. ਦੀ ਸਰਪ੍ਰਸਤੀ: 8 ਮਹੀਨਿਆਂ ਦੇ ਸਮੇਂ ਦਰਮਿਆਨ ਇਹ ਬੀਬੀ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮਿਲੀ? ਐਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਇਹ ਜਾਂਚ ਕੀਤੀ ਜਾਵੇ ਕਿ ਐਸ.ਜੀ.ਪੀ.ਸੀ. ਨੇ ਉਸ ਨੂੰ ਆਪਣੇ ਪ੍ਰਬੰਧ ਹੇਠ ਕਿਉਂ ਠਹਿਰਾਇਆ? ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਤੋਂ ਲੈ ਕੇ ਸੇਵਾਦਾਰਾਂ ਤੱਕ ਪੁੱਛਗਿੱਛ ਹੋਵੇ।
ਦੋਸ਼ੀ ਨੂੰ ਸੁਰੱਖਿਅਤ ਰਸਤਾ: ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਨੂੰ ਵਿਦੇਸ਼ ਭੇਜਣ ਵਿੱਚ ਕਿਸ ਦਾ ਹੱਥ ਹੈ ਅਤੇ ਉਸ ਨੂੰ ਸੇਫ਼ ਪੈਸੇਜ (Safe Passage) ਕਿਸ ਵੱਲੋਂ ਦਿੱਤਾ ਗਿਆ, ਇਸ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ।
ਕੌਮ ਦੀ ਚਿੰਤਾ ਅਤੇ ਮੰਗ:
ਵਫ਼ਦ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਪਵਿੱਤਰ ਜਨਮ ਭੂਮੀ ਹੈ। ਬੀਤੇ ਦਿਨਾਂ ਤੋਂ ਚੱਲ ਰਹੀ ਇਸ ਇਲਜ਼ਾਮਬਾਜ਼ੀ ਕਾਰਨ ਦੇਸ਼-ਵਿਦੇਸ਼ ਦੀ ਸਮੁੱਚੀ ਸਿੱਖ ਕੌਮ ਵਿੱਚ ਭਾਰੀ ਚਿੰਤਾ ਅਤੇ ਰੋਸ ਹੈ। ਇਸ ਘਟਨਾਕ੍ਰਮ ਨਾਲ ਸਿੱਖਾਂ ਦੀਆਂ ਮਹਾਨ ਸੰਸਥਾਵਾਂ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ — ਦੇ ਮਾਨ-ਸਨਮਾਨ ‘ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ।
ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਕਿਸੇ ਇਮਾਨਦਾਰ ਸੀਨੀਅਰ ਅਫ਼ਸਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰਕੇ 15 ਦਿਨਾਂ ਦੇ ਅੰਦਰ ਫਾਸਟ-ਟ੍ਰੈਕ ਰੂਪ ਵਿੱਚ ਪੂਰੀ ਜਾਂਚ ਨਿਪਟਾਈ ਜਾਵੇ ਤਾਂ ਜੋ ਅਸਲ ਸੱਚਾਈ ਦੁਨੀਆ ਸਾਹਮਣੇ ਆ ਸਕੇ।
ਪ੍ਰੈੱਸ ਬਿਆਨ ਜਾਰੀ ਕਰਤਾ (ਪੰਜ-ਮੈਂਬਰੀ ਵਫ਼ਦ):
ਸਰਦਾਰ ਕਰਨੈਲ ਸਿੰਘ ਪੀਰਮੁਹੱਮਦ
ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ)
ਮਾਸਟਰ ਮਿੱਠੂ ਸਿੰਘ ਕਾਨੇਕੇ
ਮੈਂਬਰ ਐਗਜ਼ੀਕਿਊਟਿਵ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਰਦਾਰ ਗੁਰਬਖ਼ਸ਼ ਸਿੰਘ ਪੜੈਨ
ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਰਦਾਰ ਭੁਪਿੰਦਰ ਸਿੰਘ ਸ਼ੇਖੂਪੁਰ
ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ)
ਸਰਦਾਰ ਦਵਿੰਦਰ ਸਿੰਘ ਸੋਢੀ
ਜਨਰਲ ਸਕੱਤਰ ਅਤੇ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ)