ਦੁੱਧ ਅਤੇ ਦੁੱਧ ਉਤਪਾਦਾਂ ਦੀ ਥੋਕ ਵਿਕਰੀ ਅਤੇ ਸਪਲਾਈ ਬਾਰੇ ਮਿਲੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਅੱਜ ਸਵੇਰੇ ਲਗਭਗ 5:30 ਵਜੇ ਸੈਕਟਰ 31, ਚੰਡੀਗੜ੍ਹ ਸਥਿਤ ‘ਮੈਸਰਜ਼ ਅਭਿਨਵ ਟ੍ਰੇਡਰ’ ਦੇ ਪਰਿਸਰ ਦਾ ਨਿਰੀਖਣ ਕੀਤਾ।

ਫੂਡ ਸੇਫਟੀ ਟੀਮ ਨੇ ਪਰਿਸਰ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਪੈਕਡ ਲੋ-ਫੈਟ ਪਨੀਰ, ਫੁੱਲ-ਫੈਟ ਪਨੀਰ, ਦਹੀਂ ਅਤੇ ਦੁੱਧ ਸਹਿਤ ਵਿਭਿੰਨ ਦੁੱਧ ਤੇ ਦੁੱਧ ਉਤਪਾਦਾਂ ਦੇ ਛੇ ਨਮੂਨੇ ਲਏ। ਇਨ੍ਹਾਂ ਨਮੂਨਿਆਂ ਨੂੰ ਵਿਸਤ੍ਰਿਤ ਜਾਂਚ ਅਤੇ ਵਿਸ਼ਲੇਸ਼ਣ ਲਈ ਐੱਨਏਬੀਐੱਲ ਤੋਂ ਮਾਨਤਾ ਪ੍ਰਾਪਤ ਫੂਡ ਐਨਾਲਿਸਟ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਲੈਬਾਰਟਰੀ ਦੀ ਰਿਪੋਰਟ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਫੂਡ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਰਕ ਰਹਿਣ ਅਤੇ ਘਟੀਆ ਜਾਂ ਅਸੁਰੱਖਿਅਤ ਦੁੱਧ ਅਤੇ ਦੁੱਧ ਉਤਪਾਦਾਂ ਦੇ ਨਿਰਮਾਣ, ਵਿਕਰੀ ਜਾਂ ਸਪਲਾਈ ਨਾਲ ਜੁੜੀ ਜਾਣਕਾਰੀ ਵਿਭਾਗ ਨੂੰ ਦੇਣ। ਸ਼ਿਕਾਇਤਾਂ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਐੱਫਐੱਸਐੱਸਏਆਈ ‘ਫੂਡ ਸੇਫਟੀ ਕਨੈਕਟ’
(FSSAI
Food Safety Connect) ਐਪ ਦੇ ਜ਼ਰੀਏ ਦਰਜ ਕਰਵਾਈਆਂ ਜਾ ਸਕਦੀਆਂ ਹਨ।

ਸਾਰੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਫਾਸਟ-ਫੂਡ ਆਊਟਲੈੱਟਾਂ ਅਤੇ ਹੋਰ ਖੁਰਾਕ ਕਾਰੋਬਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਭੋਜਨ ਵਿੱਚ ਇਸਤੇਮਾਲ ਕੀਤੇ ਜਾ ਰਹੇ ਪਨੀਰ ਦੀ ਕਿਸਮ ਅਤੇ ਗੁਣਵੱਤਾ ਦੀ ਜਾਣਕਾਰੀ ਉਪਭੋਗਤਾਵਾਂ ਨੂੰ ਸਪਸ਼ਟ ਤੌਰ ‘ਤੇ ਦੇਣ। ਇਹ ਜਾਣਕਾਰੀ ਮੀਨੂ ਅਤੇ/ਜਾਂ ਪਰਿਸਰ ਵਿੱਚ ਉਚਿਤ ਸਥਾਨ ‘ਤੇ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਹੈ, ਤਾਕਿ ਉਪਭੋਗਤਾ ਸੋਚ-ਸਮਝ ਕੇ ਚੋਣ ਕਰ ਸਕਣ। ਬਜ਼ਾਰ ਵਿੱਚ ਪਨੀਰ ਜਿਹੇ ਦਿਖਣ ਵਾਲੇ ‘ਡੇਅਰੀ ਐਨਾਲਾਗ’ ਉਤਪਾਦ ਅਤੇ ਲੋ-ਫੈਟ ਪਨੀਰ ਵੀ ਉਪਲਬਧ ਹਨ, ਜਿਨ੍ਹਾਂ ਦੀ ਸੰਰਚਨਾ ਅਤੇ ਵਿਸ਼ੇਸ਼ਤਾਵਾਂ ਰਵਾਇਤੀ ਪਨੀਰ ਤੋਂ ਅਲੱਗ ਹੋ ਸਕਦੀਆਂ ਹਨ।

ਸਾਰੇ ਖੁਰਾਕ ਕਾਰੋਬਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪਨੀਰ, ਦੁੱਧ ਅਤੇ ਹੋਰ ਖੁਰਾਕੀ ਕੱਚਾ ਮਾਲ ਕੇਵਲ ਅਧਿਕਾਰਿਤ ਅਤੇ ਭਰੋਸੇਯੋਗ ਸਪਲਾਇਰਾਂ ਤੋਂ ਖਰੀਦਣ ਅਤੇ ਖਰੀਦੇ ਗਏ ਉਤਪਾਦਾਂ ਅਤੇ ਕੱਚੇ ਮਾਲ ਦੇ ਉਚਿਤ ਬਿਲ/ਚਲਾਨ ਆਪਣੇ ਪਾਸ ਰੱਖਣ।

ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਯੂ.ਟੀ. ਚੰਡੀਗੜ੍ਹ ਨੇ ਆਉਣ ਵਾਲੇ ਦਿਨਾਂ ਵਿੱਚ ਨਿਰੀਖਣ ਅਤੇ ਅਚਾਨਕ ਜਾਂਚ ਤੇਜ਼ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਜਾਂਚਾਂ ਵਿੱਚ ਸਪਲਾਇਰਾਂ ਦੇ ਨਾਲ-ਨਾਲ ਹੋਟਲ, ਰੈਸਟੋਰੈਂਟ, ਫਾਸਟ-ਫੂਡ ਆਊਟਲੈੱਟ, ਢਾਬੇ, ਮਿਠਾਈਆਂ ਦੀਆਂ ਦੁਕਾਨਾਂ ਅਤੇ ਹੋਰ ਖੁਰਾਕੀ ਕਾਰੋਬਾਰ ਨਾਲ ਜੁੜੇ ਅਦਾਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਖੁਰਾਕ ਸੁਰੱਖਿਆ ਨਾਲ ਸਬੰਧਿਤ ਸ਼ਿਕਾਇਤ ਜਾਂ ਜਾਣਕਾਰੀ ਲਈ ਆਮ ਲੋਕ Google Play Store ਅਤੇ Apple App Store ‘ਤੇ ਉਪਲਬਧ FSSAI ਦੀ ‘Food Safety Connect’ ਐਪ ਦਾ ਉਪਯੋਗ ਕਰ ਸਕਦੇ ਹਨ ਜਾਂ ਫੂਡ ਸੇਫਟੀ ਐਡਮਿਨਿਸਟ੍ਰੇਸ਼ਨ, ਯੂ.ਟੀ. ਚੰਡੀਗੜ੍ਹ ਨਾਲ
0172-2782457 ‘ਤੇ ਸੰਪਰਕ ਕਰ ਸਕਦੇ ਹਨ।