ਨਿਗੂਣੀਆਂ ਤਨਖ਼ਾਹਾਂ ’ਤੇ ਜਾਨਾਂ ਜ਼ੋਖ਼ਮ ’ਚ ਪਾਉਣ ਵਾਲੇ ਐਨਐਚਐਮ ਕਾਮਿਆਂ ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਤੇ ਪੱਕਾ ਦਰਜਾ ਦੇਵੇ ਮਾਨ ਸਰਕਾਰ: ਭਾਜਪਾ
ਕੇਜਰੀਵਾਲ ਤੇ ਮਾਨ ਦੇ ਚੋਣ ਵਾਅਦੇ ਝੂਠੇ ਸਾਬਤ ਹੋਏ; 21 ਦਿਨਾਂ ਤੋਂ ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ ਹੋਣ ਦੀ ਜ਼ਿੰਮੇਵਾਰ ਪੰਜਾਬ ਸਰਕਾਰ: ਸ਼ਵੇਤ ਮਲਿਕ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੰਜਾਬ ਵਿੱਚ ਕੌਮੀ ਸਿਹਤ ਮਿਸ਼ਨ (ਐਨਐਚਐਮ) ਦੇ 14,000 ਤੋਂ ਵੱਧ ਕੱਚੇ ਸਿਹਤ ਕਾਮਿਆਂ ਨਾਲ ਹੋ ਰਹੇ ਘੋਰ ਬੇਇਨਸਾਫ਼ੀ ਅਤੇ ਵਿਤਕਰੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਮਲਿਕ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗਾਰੰਟੀ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਨੇ ਵੀ ਇਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਰੀੜ੍ਹ ਦੀ ਹੱਡੀ ਬਣ ਕੇ ਸਿਹਤ ਸੇਵਾਵਾਂ ਚਲਾ ਰਹੇ ਐਨਐਚਐਮ ਕਾਮਿਆਂ ਦੀਆਂ ਹੱਕੀ ਮੰਗਾਂ ਵੱਲ ਜਾਣਬੁੱਝ ਕੇ ਅੱਖਾਂ ਮੀਟ ਰਹੀ ਹੈ।
‘ਬਰਾਬਰ ਕੰਮ, ਬਰਾਬਰ ਤਨਖ਼ਾਹ’ ਦਾ ਕਤਲ; 15 ਸਾਲਾਂ ਦੀ ਸੇਵਾ ਮਗਰੋਂ ਵੀ ਨਾ ਗ੍ਰੈਚੁਟੀ ਨਾ ਪੱਕਾ ਦਰਜਾ-
ਸ਼ਵੇਤ ਮਲਿਕ ਨੇ ਕਿਹਾ ਕਿ ਐਨਐਚਐਮ ਅਧੀਨ ਤਾਇਨਾਤ ਡਾਕਟਰ, ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ), ਸਟਾਫ਼ ਨਰਸਾਂ, ਏਐਨਐਮਜ਼ ਅਤੇ ਲੈਬ ਟੈਕਨੀਸ਼ੀਅਨ ਰੈਗੂਲਰ ਸਟਾਫ਼ ਦੇ ਬਰਾਬਰ ਜਾਂ ਉਸ ਤੋਂ ਵੱਧ ਡਿਊਟੀ ਨਿਭਾਉਂਦੇ ਹਨ, ਪਰ ਤਨਖ਼ਾਹਾਂ ਵਿੱਚ ਅਸਮਾਨ-ਜ਼ਮੀਨ ਦਾ ਫ਼ਰਕ ਹੈ। ਰੈਗੂਲਰ ਨਰਸਾਂ ਜਿੱਥੇ ₹60,000 ਤੋਂ ₹70,000 ਪ੍ਰਤੀ ਮਹੀਨਾ ਲੈ ਰਹੀਆਂ ਹਨ, ਉੱਥੇ ਹੀ ਐਨਐਚਐਮ ਨਰਸਾਂ ਨੂੰ ਕੇਵਲ ₹15,000 ਤੋਂ ₹20,000 ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ‘ਬਰਾਬਰ ਕੰਮ ਬਰਾਬਰ ਤਨਖ਼ਾਹ’ ਦੇ ਨਿਰਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। 15-18 ਸਾਲਾਂ ਦੀ ਨੌਕਰੀ ਦੇ ਬਾਵਜੂਦ ਇਨ੍ਹਾਂ ਕਾਮਿਆਂ ਨੂੰ ਪੇਮੈਂਟ ਆਫ਼ ਗ੍ਰੈਚੁਟੀ ਐਕਟ 1972 ਅਧੀਨ ਗ੍ਰੈਚੁਟੀ, ਪੈਨਸ਼ਨ ਜਾਂ ਮੈਡੀਕਲ ਬੀਮਾ ਤੱਕ ਨਹੀਂ ਦਿੱਤਾ ਜਾਂਦਾ, ਜਦਕਿ ਸੀਐਚਓਜ਼ ਦੀ ਮਿਹਨਤ ਦੀ ਕਮਾਈ ਵਿੱਚੋਂ ਪਰਫਾਰਮੈਂਸ ਬੇਸਡ ਇਨਸੈਂਟਿਵ (ਪੀਬੀਆਈ) ਦੇ ਨਾਂ ’ਤੇ ਸ਼ਰਤਾਂ ਲਾ ਕੇ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ।
ਕੇਂਦਰੀ ਸਕੀਮ ਦਾ ਬਹਾਨਾ ਬੰਦ ਕਰੇ ‘ਆਪ’; ਐਨਐਚਐਮ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰੇ ਮਾਨ ਸਰਕਾਰ-
ਭਾਜਪਾ ਆਗੂ ਨੇ ਚੇਤੇ ਕਰਵਾਇਆ ਕਿ 27 ਨਵੰਬਰ 2021 ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੋਹਾਲੀ ਧਰਨੇ ਵਿੱਚ ਜਾ ਕੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰਨ ਦੀ ਗਾਰੰਟੀ ਦਿੱਤੀ ਸੀ ਅਤੇ 22 ਮਾਰਚ 2022 ਨੂੰ 35,000 ਕਾਮੇ ਪੱਕੇ ਕਰਨ ਦਾ ਐਲਾਨ ਕੀਤਾ ਸੀ। ਪਰ ਅੱਜ ਜਦੋਂ ਐਨਐਚਐਮ ਕਾਮਿਆਂ ਨੂੰ ਪੱਕਾ ਕਰਨ ਦੀ ਵਾਰੀ ਆਈ ਤਾਂ ਪੰਜਾਬ ਸਰਕਾਰ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਇਹ 60:40 ਅਨੁਪਾਤ ਵਾਲੀ ਕੇਂਦਰੀ ਸਕੀਮ ਹੈ। ਉਨ੍ਹਾਂ ਕਿਹਾ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ 236 ਆਯੁਸ਼ਮਾਨ ਅਰੋਗਿਆ ਕੇਂਦਰ ਪਿਛਲੇ 21 ਦਿਨਾਂ ਤੋਂ ਠੱਪ ਪਏ ਹਨ, ਬੱਚਿਆਂ ਦੀ ਸਕ੍ਰੀਨਿੰਗ ਤੇ ਟੀਬੀ ਦੇ ਟੈਸਟ ਬੰਦ ਹਨ ਅਤੇ ਮਰੀਜ਼ ਦਰ-ਦਰ ਭਟਕ ਰਹੇ ਹਨ। ਮਲਿਕ ਨੇ ਮੰਗ ਕੀਤੀ ਕਿ ਮਾਨ ਸਰਕਾਰ ਤੁਰੰਤ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਐਨਐਚਐਮ ਕਾਮਿਆਂ ਨੂੰ ਸਿਹਤ ਵਿਭਾਗ ਵਿੱਚ ਰੈਗੂਲਰ ਕਰੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰੇ ਅਤੇ ਗ੍ਰੈਚੁਟੀ ਦਾ ਲਿਖਤੀ ਆਦੇਸ਼ ਜਾਰੀ ਕਰੇ।


