ਪ੍ਰਭਾਵਸ਼ਾਲੀ ਪੰਥਕ ਸ਼ਖਸ਼ੀਅਤਾਂ ਦੀ ਸ਼ਮੂਲੀਅਤ ਜਥੇਦਾਰ ਵਲੋਂ ਬਣਾਈ ਗਈ ਕਮੇਟੀ ਚ ਹੋਣੀ ਚਾਹੀਦੀ ਸੀ —ਰਵੀਇੰਦਰ ਸਿੰਘ

ਸਿੱਖੀ ਦੀ ਹੌਂਦ ਚ ਆਏ ਨਿਘਾਰ ਲਈ ਬਾਦਲ ਦਲ ਜੁੰਮੇਵਾਰ-ਸਾਬਕਾ ਸਪੀਕਰ

ਚੰਡੀਗੜ੍ਹ 7 ਦਸੰਬਰ 2023 ( ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੱਸਲੇ ਤੇ ਬਾਦਲ ਦਲ ਨੂੰ ਨਿਸ਼ਾਨੇ ਤੇ ਲਿਆ ਹੈ । ਉਨ੍ਹਾ ਜਾਰੀ ਬਿਆਨ ਚ ਸਪਸ਼ਟ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਤੇ ਇਨਾ ਦੀ ਸਰਕਾਰ ਵੇਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਗੰਭੀਰ ਮਾਮਲਾ ਸੁਲਝ ਸਕਦਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਉਸ ਸਮੇੇਂ ਘੇਸ ਮਾਰ ਛੱਡੀ। ਸਾਬਕਾ ਸਪੀਕਰ ਨੇ ਸਿੱਖੀ ਦੀ ਹੌਂਦ ਤੇ ਆਏ ਨਿਘਾਰ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ੁੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਦੋਹਾਂ ਛੋਟੇ-ਵੱਡੇ ਬਾਦਲਾਂ ਨੇ ਪੰਜਾਬ ਤੇ ਸਮੂੰਹ ਸਿੱਖ ਮਸਲੇ ਪਿਛੇ ਪਾਂਉਦੇ ਹੋਏ ਮਹਾਨ ਸਿੱਖ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨਿੱਜੀ ਸਿਆਸੀ ਹਿਤਾਂ ਲਈ ਵਰਤਿਆ ਅਤੇ ਮੀਰੀ-ਪੀਰੀ ਦਾ ਸਿਧਾਂਤ ਛੱਡ ਦਿਤਾ ,ਜਿਸ ਕਾਰਨ ਸਿੱਖ ਪੰਥ ਦੀ ਆਨ-ਸ਼ਾਨ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਏ।

ਰਵੀਇੰਦਰ ਸਿੰਘ ਨੇ ਸਿੱਖੀ ਦੇ ਦਰਦ ਦੀ ਗੱਲ ਕਰਦਿਆਂ ਕਿਹਾ ਕਿ ਸੌਦਾ-ਸਾਧ,ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਪਵਿੱਤਰ ਬੀੜਾਂ ਗਾਇਬ ਹੋਣ ਬਾਅਦ ਕੌਮ ਨੂੰ ਅਸਹਿ ਨੁਕਸਾਨ ਹੋਇਆ,ਜਿਸ ਦੀ ਕਦੇ ਵੀ ਭਰਪਾਈ ਨਹੀ ਹੋ ਸਕਦੀ । ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੇ ਮੱਸਲੇ ਤੇ ਬਣਾਈ ਗਈ ਕਮੇਟੀ ਤੇ ਪ੍ਰਤੀਕ੍ਰਿਆ ਜਾਹਰ ਕਰਦਿਆਂ ਕਿਹਾ ਕਿ ਇਸ ਵਿੱਚ ਉਚ ਕੋਟੀ ਦੇ ਮਾਹਰ ਅਤੇ ਪ੍ਰਭਾਵਸਾਲੀ ਸਿੱਖ ਹਸਤੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਸੀ,ਜਿਨ੍ਹਾ ਦਾ ਸਰਕਾਰੇ-ਦਰਬਾਰੇ ਵੱਡਾ ਅਸਰ-ਰਸੂਖ ਸੀ । ਇਸ ਕਮੇਟੀ ਦਾ ਘੇਰਾ ਵੀ ਵਸੀਹ ਚਾਹੀਦਾ ਸੀ । ਮੌਜੂਦਾ ਬਣੇ ਹਲਾਤਾਂ ਤੇ ਰਵੀਇੰਦਰ ਸਿੰਘ ਨੇ ਸਿੱਖ ਲੀਡਰਸ਼ਿਪ ਤੇ ਜੋਰ ਦਿਤਾ ਕਿ ਅਖਬਾਰੀ ਬਿਆਨਬਾਜੀ ਟਕਰਾਅ ਵਾਲੀ ਨਹੀਂ ਹੋਣੀ ਚਾਹੀਦੀ । ਉਨ੍ਹਾ ਸਿੱਖ ਕੌਮ ਨੂੰ ਜੋਰ ਦਿਤਾ ਕਿ ਸਿੱਖ ਸੰਸਥਾਵਾਂ ਤੇ ਕਾਬਜ ਪਰਿਵਾਰਵਾਦ ਤੋਂ ਖਹਿੜਾ ਛੁਡਵਾਉਣ ਲਈ ਅੱਗੇ ਆਉਣ ,ਨਹੀਂ ਤਾਂ ਸਿੱਖੀ ਦੀ ਹੌਂਦ ਤੇ ਵੱਖਰੀ ਪਛਾਣ ਨੂੰ ਹੋਰ ਢਾਹ ਲਗਣੀ ਸਪੱਸ਼ਟ ਹੈ ।

ਸਾਬਕਾ ਸਪੀਕਰ ਨੇ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਬਲਵੰਤ ਸਿੰਘ ਰਾਜੋਆਣਾ ਦੀਾ ਭੈਣ ਕਮਲਦੀਪ ਕੌਰ ਦਰਮਿਆਨ ਬਿਆਨਬਾਜੀ ਲਈ ਵੀ ਵੰਸ਼ਵਾਦੀ ਜੁੰਮੇਵਾਰ ਹਨ ,ਜਿਨ੍ਹਾ ਫਾਂਸੀ ਦਾ ਮੱਸਲਾ ਸੁਲਝਾਉਣ ਦੀ ਥਾਂ ਇਸ ਨੂੰ ਲਮਕਾਉਣ ਦੀ ਨੀਤੀ ਜਾਰੀ ਰਖੀ।

×