ਕਿਹਾ ਕਿ ਅਸਲੀਅਤ ਇਹ ਹੈ ਕਿ ਆਪ ਤੇ ਕਾਂਗਰਸ ਦੋਵੇਂ ਗਠਜੋੜ ਦੇ ਭਾਈਵਾਲ
ਚੰਡੀਗੜ੍ਹ, 15 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ’ਤੇ ਇਕ ਦੂਜੇ ਨਾਲ ਰਲੇ ਹੋਣ ਦੇ ਬਾਵਜੂਦ ਬਿਆਨਬਾਜ਼ੀ ਨੂੰ ਲੈ ਕੇ ਡਰਾਮੇਬਾਜ਼ੀ ਕਰਨ ਦਾ ਦੋਸ਼ ਲਾਇਆ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਲਿਆਉਣ ਵਾਸਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਜਦੋਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਹੋ ਰਹੇ ਗ੍ਰਨੇਡ ਧਮਾਕਿਆਂ ’ਤੇ ਬਿਆਨ ਦਿੱਤਾ ਹੈ, ਉਦੋਂ ਤੋਂ ਰਾਜਨੀਤੀ ਖੇਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਨਘੜਤ ਆਧਾਰ ’ਤੇ ਆਈ ਟੀ ਐਕਟ ਤਹਿਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰ ਰਹੇ ਹਨ ਕਿ ਵਿਰੋਧੀ ਧਿਰ ਨੇਤਾ ਦੇ ਪਾਕਿਸਤਾਨ ਵਿਚ ਅਤਿਵਾਦੀਆਂ ਨਾਲ ਸੰਬੰਧ ਹਨ। ਉਹਨਾਂ ਕਿਹਾ ਕਿ ਹੁਣ ਆਪ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਇਕ ਚਿੱਠੀ ਕੱਢ ਲਿਆਏ ਹਨ ਜੋ 11 ਤੋਂ 12 ਸਾਲ ਪਹਿਲਾਂ ਲਿਖੀ ਹੋਈ ਦੱਸੀ ਜਾ ਰਹੀ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਪਾਖੰਡ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਤੇ ਕਾਂਗਰਸ ਦੋਵੇਂ ਇੰਡੀਆ ਗਠਜੋੜ ਦੇ ਭਾਈਵਾਲ ਹਨ। ਦੋਵਾਂ ਨੇ ਚੰਡੀਗੜ੍ਹ ਲੋਕ ਸਭਾ ਦੀ ਚੋਣ ਅਤੇ ਮੇਅਰ ਦੀ ਚੋਣ ਇਕੱਠਿਆਂ ਮਿਲ ਕੇ ਲੜੀ। ਹੁਣ ਇਹ ਸੂਬੇ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਡਰਾਮੇਬਾਜ਼ੀ ਕਰ ਰਹੇ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਅਜਿਹੇ ਡਰਾਮੇ ਕਰਨ ਦੀ ਥਾਂ ਸਰਕਾਰ ਚਲਾਉਣ ਵੱਲ ਧਿਆਨ ਦੇਵੇ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਵਿਚ 17 ਗ੍ਰਨੇਡ ਹਮਲੇ ਹੋਏ ਹਨ ਤੇ ਡਾ. ਬੀ ਆਰ ਅੰਬੇਡਕਰ ਦੇ ਬੁੱਤਾਂ ਨੂੰ ਤੋੜਿਆ ਗਿਆ ਤੇ ਜਲੰਧਰ ਵਿਚ ਠਾਕੁਰਦੁਆਰਾ ਮੰਦਿਰ ’ਤੇ ਹਮਲਾ ਕੀਤਾ ਗਿਆ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਸੁੱਟਿਆ ਗਿਆ।
ਉਹਨਾਂ ਕਿਹਾ ਕਿ ਫਿਰੌਤੀਆਂ ਵਸੂਲਣਾ ਆਮ ਹੋ ਗਿਆ ਹੈ ਅਤੇ ਲੋਕ ਹਨੇਰਾ ਹੋਣ ਮਗਰੋਂ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਹਨ। ਉਹਨਾਂ ਕਿਹਾ ਕਿ ਬਜਾਏ ਇਸ ਮਾਮਲੇ ’ਤੇ ਰਾਜਨੀਤੀ ਕਰਨ ਦੇ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਲਿਆਉਣ ਲਈ ਸੰਜੀਦਗੀ ਨਾਲ ਯਤਨ ਹੋਣੇ ਚਾਹੀਦੇ ਹਨ।