ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਿਆਸੀ ਇਕੱਠ ਤੇ ਨਾਅਰੇਬਾਜ਼ੀ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਤੋਂ ਦਖ਼ਲ ਦੀ ਮੰਗ
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਹਦੂਦ ਵਿੱਚ ਸਿਆਸੀ ਇਕੱਠ, ਪੋਸਟਰ ਲਹਿਰਾਉਣ, ਭਾਸ਼ਣਬਾਜ਼ੀ ਕਰਨ ਅਤੇ ਨਾਅਰੇ ਲਾਉਣ ਦੀਆਂ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਕੌਮੀ ਘੱਟ ਗਿਣਤੀ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਆਰਪੀ ਸਿੰਘ ਨੇ ਇੱਕ ਪੱਤਰ ਲਿਖ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਆਸਥਾ ਨੂੰ ਢਾਹ ਲਾਉਣ ਵਾਲੀਆਂ ਇਨ੍ਹਾਂ ਘਟਨਾਵਾਂ ਦੀ ਦਿੱਲੀ ਪੁਲਿਸ ਅਤੇ ਗੁਰਦੁਆਰਾ ਪ੍ਰਬੰਧਕਾਂ ਤੋਂ ਰਿਪੋਰਟ ਤਲਬ ਕਰਨ।
ਆਰ.ਪੀ. ਸਿੰਘ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਮਰਥਕਾਂ ਅਤੇ ਖੱਬੇਪੱਖੀ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪਵਿੱਤਰ ਕੰਪਲੈਕਸ ਵਿੱਚ ਕਥਿਤ ਤੌਰ ’ਤੇ ਸਿਆਸੀ ਮੀਟਿੰਗ ਕੀਤੀ ਗਈ, ਸਿਆਸੀ ਨਾਅਰੇ ਲਗਾਏ ਗਏ ਅਤੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਅਰਦਾਸ, ਆਤਮਿਕ ਚਿੰਤਨ ਅਤੇ ਸੇਵਾ ਦਾ ਪਵਿੱਤਰ ਅਸਥਾਨ ਹੈ, ਨਾ ਕਿ ਸਿਆਸੀ ਰੋਸ ਮੁਜ਼ਾਹਰੇ ਦਾ ਮੰਚ, ਇਸ ਕਥਿਤ ਘਟਨਾ ਨਾਲ ਗੁਰੂ ਘਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਾਮਲਾ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਨਾਲ ਸਬੰਧਤ ਨਹੀਂ ਹੈ। ਹਰ ਸਿਆਸੀ ਪਾਰਟੀ, ਵਿਦਿਆਰਥੀ ਸੰਗਠਨ ਅਤੇ ਵਿਅਕਤੀ ਲਈ ਮਰਿਯਾਦਾ ਦੇ ਮਾਪਦੰਡ ਇੱਕੋ ਜਿਹੇ ਹੋਣੇ ਚਾਹੀਦੇ ਹਨ।
ਆਰ.ਪੀ. ਸਿੰਘ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਇਸ ਮਾਮਲੇ ਵਿੱਚ ਤੁਰੰਤ ਨੋਟਿਸ ਲੈਣ, ਦਿੱਲੀ ਪੁਲਿਸ ਅਤੇ ਸਬੰਧਤ ਗੁਰਦੁਆਰਾ ਪ੍ਰਬੰਧਕਾਂ ਤੋਂ ਤੱਥਾਂ ’ਤੇ ਆਧਾਰਿਤ ਰਿਪੋਰਟ ਮੰਗਣ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਹੋਵੇ, ਤੱਥਾਂ ਦੇ ਆਧਾਰ ’ਤੇ ਜਿੱਥੇ ਲੋੜ ਹੋਵੇ ਐੱਫਆਈਆਰ ਦਰਜ ਕੀਤੀ ਜਾਵੇ, ਸਿੱਖ ਘੱਟਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਧਾਰਮਿਕ ਅਸਥਾਨਾਂ ਨੂੰ ਪੱਖਪਾਤੀ ਸਿਆਸੀ ਸਰਗਰਮੀਆਂ ਲਈ ਵਰਤਣ ਤੋਂ ਰੋਕਣ ਵਾਸਤੇ ਢੁਕਵੇਂ ਸੁਰੱਖਿਆ ਉਪਾਅ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਇਹ ਮੰਗ ਕਿਸੇ ਦੇ ਵੀ ਸ਼ਾਂਤਮਈ ਵਿਰੋਧ ਜਾਂ ਸਿਆਸੀ ਪ੍ਰਗਟਾਵੇ ਦੇ ਕਾਨੂੰਨੀ ਅਧਿਕਾਰ ਨੂੰ ਸੀਮਤ ਕਰਨ ਲਈ ਨਹੀਂ ਹੈ। ਅਜਿਹੀਆਂ ਸਰਗਰਮੀਆਂ ਉਚਿਤ ਮੰਚਾਂ ’ਤੇ ਅਤੇ ਕਾਨੂੰਨ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਸ੍ਰੀ ਬੰਗਲਾ ਸਾਹਿਬ ਜੀ ਦੀ ਪਵਿੱਤਰਤਾ ਪੱਖਪਾਤੀ ਸਿਆਸੀ ਹਿੱਤਾਂ ਤੋਂ ਉੱਪਰ ਰਹਿਣੀ ਚਾਹੀਦੀ ਹੈ ਅਤੇ ਇਸ ਸਿਧਾਂਤ ਦਾ ਸਾਰਿਆਂ ਨੂੰ ਬਿਨਾਂ ਕਿਸੇ ਅਪਵਾਦ ਦੇ ਸਨਮਾਨ ਕਰਨਾ ਚਾਹੀਦਾ ਹੈ।


