ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਚੇਅਰਮੈਨ, ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈਆਰਸੀਐੱਸ), ਯੂ.ਟੀ. ਚੰਡੀਗੜ੍ਹ ਸ਼ਾਖਾ ਨੇ ਅੱਜ ਨੇਪਾਲ ਵਿੱਚ ਹਾਲ ਹੀ ਵਿੱਚ ਆਏ ਅਚਾਨਕ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਦੋ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨੇਪਾਲ ਰੈੱਡ ਕਰਾਸ ਸੋਸਾਇਟੀ ਨੂੰ ਭੇਜੀ ਜਾ ਰਹੀ ਇਸ ਰਾਹਤ ਸਮੱਗਰੀ ਵਿੱਚ ਜ਼ਰੂਰੀ ਦਵਾਈਆਂ, ਪੈਕ ਕੀਤਾ ਭੋਜਨ, ਪੀਣ ਵਾਲਾ ਪਾਣੀ ਅਤੇ ਸੈਨੇਟਰੀ ਪੈਡ ਸ਼ਾਮਲ ਹਨ।
ਇਸ ਅਵਸਰ ‘ਤੇ ਸ਼੍ਰੀ ਅਮਨਦੀਪ ਸਿੰਘ ਭੱਟੀ, ਪੀਸੀਐੱਸ, ਐਡੀਸ਼ਨਲ ਡਿਪਟੀ ਕਮਿਸ਼ਨਰ-ਅਤੇ-ਸਕੱਤਰ, ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈਆਰਸੀਐੱਸ), ਯੂ.ਟੀ. ਚੰਡੀਗੜ੍ਹ ਸ਼ਾਖਾ, ਅਤੇ ਸੁਸ਼੍ਰੀ ਪੂਨਮ ਮਲਿਕ, ਨੋਡਲ ਅਫ਼ਸਰ, ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈਆਰਸੀਐੱਸ), ਯੂ.ਟੀ. ਚੰਡੀਗੜ੍ਹ ਸ਼ਾਖਾ, ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ-ਅਤੇ-ਚੇਅਰਮੈਨ ਨੇ ਨੇਪਾਲ ਦੇ ਲੋਕਾਂ ਪ੍ਰਤੀ ਗਹਿਰੀ ਸੰਵੇਦਨਾ ਅਤੇ ਇਕਜੁੱਟਤਾ ਦਾ ਵਿਅਕਤ ਕਰਦੇ ਹੋਏ ਭਰੋਸਾ ਦਿੱਤਾ ਕਿ ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈਆਰਸੀਐੱਸ), ਯੂ.ਟੀ. ਚੰਡੀਗੜ੍ਹ ਸ਼ਾਖਾ, ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਦੌਰਾਨ ਮਾਨਵੀ ਸਹਾਇਤਾ ਉਪਲਬਧ ਕਰਵਾਉਣਾ ਦਾਨੀਆਂ ਦੇ ਉਦਾਰ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ।
ਇਸ ਨੇਕ ਕਾਰਜ ਵਿੱਚ ਰੈੱਡ ਕਰਾਸ ਦਾ ਸਹਿਯੋਗ ਕਰਨ ਲਈ ਅੱਗੇ ਆਏ ਮੈਸਰਜ਼ ਐਵੀਏਟ ਇੰਟੀਗ੍ਰੇਟਿਡ ਪ੍ਰਾਈਵੇਟ ਲਿਮਿਟਿਡ, ਮੈਸਰਜ਼ ਗੁਰੂ ਨਾਨਕ ਗੀਤਾ ਕੈਲਾਸ਼ ਮੈਮੋਰੀਅਲ ਫਾਊਂਡੇਸ਼ਨ, ਫੋਟੋਗ੍ਰਾਫਰਸ ਹੈਲਪਿੰਗ ਹੈਂਡਸ ਅਤੇ ਸ਼੍ਰੀਮਤੀ ਕਸ਼ਿਸ਼ ਮਹਾਜਨ ਨੂੰ ਉਨ੍ਹਾਂ ਦੀ ਨਿਰਸੁਆਰਥ ਮਾਨਵੀ ਸੇਵਾ ਲਈ ਸਨਮਾਨਿਤ ਕੀਤਾ ਗਿਆ।
ਅਧਿਕਾਰੀਆਂ ਨੇ ਵਿਭਿੰਨ ਸਮਾਜਸੇਵੀਆਂ ਨਾਲ ਪ੍ਰਭਾਵੀ ਤਾਲਮੇਲ ਸਥਾਪਿਤ ਕਰਕੇ ਰਾਹਤ ਸਮੱਗਰੀ ਜੁਟਾਉਣ ਲਈ ਨੋਡਲ ਅਫ਼ਸਰ ਸੁਸ਼੍ਰੀ ਪੂਨਮ ਮਲਿਕ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ।
ਇੰਡੀਅਨ ਰੈੱਡ ਕਰਾਸ ਸੋਸਾਇਟੀ, ਯੂ.ਟੀ. ਚੰਡੀਗੜ੍ਹ ਸ਼ਾਖਾ ਨੇ ਨਾਗਰਿਕਾਂ ਅਤੇ ਸੰਗਠਨਾਂ ਨੂੰ ਉਸ ਦੀਆਂ ਮਾਨਵੀ ਪਹਿਲਾਂ ਵਿੱਚ ਨਿਰੰਤਰ ਅਤੇ ਉਦਾਰਤਾਪੂਰਵਕ ਯੋਗਦਾਨ ਦੇਣ ਦੀ ਅਪੀਲ ਕੀਤੀ।

