ਊਰਜਾ ਪ੍ਰਬੰਧਨ ਪ੍ਰਣਾਲੀਆਂ (IS/ISO 50001:2018) ‘ਤੇ ਇੱਕ ਦਿਨ ਦਾ ਸੈਮੀਨਾਰ ਉੱਤਰੀ ਖੇਤਰੀ ਦਫ਼ਤਰ, ਬਿਊਰੋ ਆਵ੍ ਇੰਡੀਅਨ ਸਟੈਂਡਰਡਸ (ਬੀਆਈਐੱਸ/BIS) ਦੁਆਰਾ ਊਰਜਾ ਪ੍ਰਬੰਧਨ ਸੈੱਲ/ਐੱਸਡੀਏ (SDA) ਚੰਡੀਗੜ੍ਹ ਦੇ ਸਹਿਯੋਗ ਨਾਲ, ਹੋਟਲ ਹੋਮਟੇਲ, ਚੰਡੀਗੜ੍ਹ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਉਦਯੋਗਾਂ ਅਤੇ ਸਰਕਾਰੀ ਸੰਗਠਨਾਂ ਵਿੱਚ ਢਾਂਚਾਗਤ ਅਤੇ ਮਿਆਰੀ ਊਰਜਾ ਪ੍ਰਬੰਧਨ ਪਿਰਤਾਂ ਨੂੰ ਹੁਲਾਰਾ ਦੇਣਾ ਸੀ।
ਇਸ ਪ੍ਰੋਗਰਾਮ ਦਾ ਉਦੇਸ਼ ISO 50001 ਦੇ ਲਾਗੂਕਰਨ ਦੇ ਸਬੰਧ ਵਿੱਚ ਹਿਤਧਾਰਕਾਂ ਵਿੱਚ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਇਹ ਮਿਆਰੀ ਊਰਜਾ ਪ੍ਰਦਰਸ਼ਨ ਵਿੱਚ ਸੁਧਾਰ, ਊਰਜ ਉਪਯੋਗ ਦੇ ਅਨੁਕੂਲਨ, ਲਾਗਤ ਵਿੱਚ ਕਮੀ ਅਤੇ ਵਾਤਾਵਰਣਕ ਪ੍ਰਭਾਵ ਨੂੰ ਨਿਊਨਤਮ ਕਰਨ ਹਿਤ ਇੱਕ ਵਿਵਸਥਿਤ ਢਾਂਚਾ ਪ੍ਰਦਾਨ ਕਰਦਾ ਹੈ। ਇਸ ਅਵਸਰ ‘ਤੇ ਸ਼੍ਰੀ ਸਤੀਸ਼ ਕੁਮਾਰ ਗੁਪਤਾ, ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਬਿਊਰੋ ਆਵ੍ ਇੰਡੀਅਨ ਸਟੈਂਡਰਡਸ (ਬੀਆਈਐੱਸ/BIS), ਨੇ IS/ISO 50001 ਦੀਆਂ ਪ੍ਰਮੁੱਖ ਜ਼ਰੂਰਤਾਂ-ਜਿਵੇਂ ਊਰਜਾ ਯੋਜਨਾਬੰਦੀ, ਪ੍ਰਦਰਸ਼ਨ ਨਿਗਰਾਨੀ, ਮਾਪ, ਦਸਤਾਵੇਜ਼ੀਕਰਨ, ਅੰਦਰੂਨੀ ਆਡਿਟ ਅਤੇ ਨਿਰੰਤਰ ਸੁਧਾਰ ‘ਤੇ ਪ੍ਰਕਾਸ਼ ਪਾਇਆ।
ਸ਼੍ਰੀ ਪਵਨ ਕੁਮਾਰ ਸ਼ਰਮਾ, ਕਾਰਜਕਾਰੀ ਇੰਜੀਨੀਅਰ-ਅਤੇ-ਪ੍ਰਮੁੱਖ, ਊਰਜਾ ਪ੍ਰਬੰਧਨ ਸੈੱਲ/ਐੱਸਡੀਏ, ਨੇ ਊਰਜਾ ਸੰਭਾਲ਼ ਅਤੇ ਊਰਜਾ ਦਕਸ਼ਤਾ ਦੇ ਖੇਤਰ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਵਿਭਿੰਨ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਸਥਾਗਤ ਪੱਧਰ ‘ਤੇ ਊਰਜਾ ਪ੍ਰਬੰਧਨ ਪਿਰਤਾਂ ਨੂੰ ਅਪਣਾਉਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਪ੍ਰਤੀਭਾਗੀਆਂ ਨੂੰ ਆਪਣੇ-ਆਪਣੇ ਅਦਾਰਿਆਂ ਵਿੱਚ ਦੀਰਘਕਾਲੀ ਸਥਿਰਤਾ ਅਤੇ ਅਨੁਪਾਲਨ ਸੁਨਿਸ਼ਚਿਤ ਕਰਨ ਹਿਤ ਊਰਜਾ ਪ੍ਰਬੰਧਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ।
ਵਰਕਸ਼ਾਪ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ, ਟ੍ਰਾਂਸਪੋਰਟ ਅਤੇ ਉਦਯੋਗ ਵਿਭਾਗਾਂ ਸਹਿਤ ਪੰਜਾਬ ਅਤੇ ਹਰਿਆਣਾ ਦੇ ਵਿਭਿੰਨ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਉਦਯੋਗਾਂ, ਐੱਮਐੱਸਐੱਮਈਜ਼ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਦੇ ਪ੍ਰਤੀਨਿਧੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿੱਚ ਲਗਭਗ 75 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਵਿੱਚ ਇੰਟਰਐਕਟਿਵ ਵਿਚਾਰ-ਵਟਾਂਦਰੇ ਅਤੇ ਵਿਵਹਾਰਿਕ ਸੂਝ-ਬੂਝ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ISO 50001 ਨੂੰ ਅਪਣਾਉਣ ਦੇ ਲਾਭਾਂ ਅਤੇ ਸੰਗਠਨਾਤਮਕ ਊਰਜਾ ਦਕਸ਼ਤਾ ਅਤੇ ਸਥਿਰਤਾ ਲਕਸ਼ਾਂ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਭੂਮਿਕਾ ਦੀ ਸਪਸ਼ਟ ਸਮਝ ਪ੍ਰਾਪਤ ਹੋਈ।
ਵਰਕਸ਼ਾਪ ਦਾ ਸਮਾਪਨ ਸਵਾਲ-ਜਵਾਬ ਸੈਸ਼ਨ ਨਾਲ ਹੋਇਆ, ਜਿਸ ਵਿੱਚ ਪ੍ਰਤੀਭਾਗੀਆਂ ਦੁਆਰਾ ਉਠਾਏ ਗਏ ਸਵਾਲਾਂ ਦਾ ਵਿਸ਼ਾ ਮਾਹਰਾਂ ਦੁਆਰਾ ਸਮਾਧਾਨ ਕੀਤਾ ਗਿਆ। ਇਸ ਸਮਾਗਮ ਨੇ ਮਿਆਰੀ ਊਰਜਾ ਪ੍ਰਬੰਧਨ ਪਿਰਤਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਊਰਜਾ ਦਕਸ਼ਤਾ, ਸਥਿਰਤਾ ਅਤੇ ਜਲਵਾਯੂ ਕਾਰਵਾਈ ਨਾਲ ਜੁੜੇ ਭਾਰਤ ਦੇ ਰਾਸ਼ਟਰੀ ਉਦੇਸ਼ਾਂ ਦੇ ਸਮਰਥਨ ਦੇ ਪ੍ਰਤੀ ਭਾਰਤੀ ਮਿਆਰ ਬਿਊਰੋ ਅਤੇ ਊਰਜਾ ਪ੍ਰਬੰਧਨ ਸੈੱਲ ਦੀ ਪ੍ਰਤੀਬੱਧਤਾ ਨੂੰ ਦੁਬਾਰਾ ਪੁਸ਼ਟ ਕੀਤਾ।