ਚੰਡੀਗੜ੍ਹ, 15 ਜਨਵਰੀ: ਪੰਜਾਬ ਨੂੰ ਕਾਲੇ ਦਿਨਾਂ ਦੀ ਦਲਦਲ ਵਿੱਚ ਧੱਕਣ ਲਈ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵਿਚ ਨਿਰਾਸ਼ਾ ਫੈਲਣ ਕਰਕੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰਾਂ ਢਹਿ ਢੇਰੀ ਹੋਣ ਨਾਲ ਹਰ ਪਾਸੇ ਅਰਾਜਕਤਾ ਦਾ ਆਲਮ ਹੈ।
ਜਾਖੜ ਨੇ ਲਗਾਤਾਰ ਚਿਤਾਵਨੀਆਂ ਮਿਲਣ ਦੇ ਬਾਵਜੂਦ ਵੀ ਤਰਨਤਾਰਨ ਪਿੰਡ ਦੇ ਸਰਪੰਚ ਸੋਨੂੰ ਚੀਮਾ ਦੇ ਦਿਨ—ਦਿਹਾੜੇ ਹੋਏ ਕਤਲ ਨੂੰ ਰੋਕਣ ਵਿੱਚ ਸੂਬਾ ਸਰਕਾਰ ਦੀ ਨਾਕਾਮੀ ਤੇ ਵਰ੍ਹਦਿਆਂ ਕਿਹਾ ਕਿ ਰੋਜ਼ਾਨਾ ਕਤਲ, ਜਬਰ—ਜ਼ਨਾਹ ਅਤੇ ਅਗਵਾ ਦੀਆਂ ਵਾਰਦਾਤਾਂ ਨੇ ਸਾਰੇ ਪੰਜਾਬੀਆਂ ਨੂੰ ਡਰ ਦੇ ਮਾਰੇ ਸੁੰਨ ਕਰ ਦਿੱਤਾ ਹੈ, ਪਰ ਮੁੱਖ ਮੰਤਰੀ ਡੂੰਘੀ ਨੀਂਦ ਵਿੱਚ ਹਨ ।
ਜਾਖੜ ਨੇ ਕਿਹਾ ਕਿ ਲੋਕਾਂ ਦਾ ਪੁਲਿਸ ਵਿਚ ਵਿਸਵਾਸ ਘੱਟ ਰਿਹਾ ਹੈ ਕਿ ਉਹ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਕਤਲ ਅਤੇ ਧਮਕੀਆਂ ਦੀਆਂ ਘਟਨਾਵਾਂ ਇੰਨੀਆਂ ਆਮ ਹੋ ਗਈਆਂ ਹਨ ਕਿ ਇਨ੍ਹਾਂ ਦੇ ਸਹਿਮ ਵਿਚ ਲੋਕ ਜੀਅ ਰਹੇ ਹਨ ਪਰ ਅਸੰਵੇਦਨਸ਼ੀਲ ਸਰਕਾਰ ਇਸਦਾ ਫਿਕਰ ਨਹੀਂ ਕਰ ਰਹੀ ਹੈ।
ਮੁੱਖ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀ ਫਰਜੀ ਆਂਕੜਿਆਂ ਦੇ ਇਸ਼ਤਿਹਾਰ ਜਾਰੀ ਕਰਨ ਅਤੇ ਰਿਵਾਇਤੀ ਪ੍ਰੈਸ ਕਾਨਫਰੰਸਾਂ ਕਰਨ ਵਿੱਚ ਹੀ ਰੁੱਝੇ ਹਨ, ਜਦੋਂ ਕਿ ਜ਼ਮੀਨੀ ਪੱਧਰ ਦੇ ਲੋਕ ਮਾੜੇ ਹਾਲਾਤਾਂ ਤੋਂ ਤੰਗ ਆ ਚੁੱਕੇ ਹਨ।
ਜਾਖੜ ਨੇ ਆਉਣ ਵਾਲੇ ਸਮੇਂ ਵਿੱਚ ਨਿਵੇਸ਼ ਅਤੇ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਆਕਰਸਿ਼ਤ ਕਰਨ ਦੀ ਪੰਜਾਬ ਦੀ ਘੱਟ ਰਹੀ ਸਮਰੱਥਾ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸ਼ਾਸਨ ਦੀ ਪ੍ਰਸ਼ਾਸਨਿਕ ਉਦਾਸੀਨਤਾ ਕਾਰਨ ਪੰਜਾਬ ਦੀ ਬਦਨਾਮੀ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਪੰਜਾਬ ਨੂੰ ਸਕਾਰਾਤਮਕ ਤੌਰ ਤੇ ਕੌਣ ਸਮਝੇਗਾ ਜਦੋਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਵੱਲੋਂ ਜਨਮ ਦਿਨ ਦੀਆਂ ਪਾਰਟੀਆਂ ਮਨਾਉਣ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਉਣਗੀਆਂ। ਜਾਖੜ ਨੇ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਵੀ ਜੇਲ੍ਹ ਦੇ ਅੰਦਰੋਂ ਖ਼ੌਫ਼ਨਾਕ ਅਪਰਾਧੀਆਂ ਵੱਲੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਜਾਖੜ ਨੇ ਕਿਹਾ ਕਿ ਇਹ ਸੂਚੀ ਹੈਰਾਨੀਜਨਕ ਤੌਰ ਤੇ ਨਾ ਖ਼ਤਮ ਹੋਣ ਵਾਲੀ ਹੈ ਅਤੇ ਪੰਜਾਬ ਵਿੱਚ ਚਿੰਤਾਜਨਕ ਪੱਧਤਰ ਤੇ ਲਗਾਤਾਰ ਕਤਲ ਹੋ ਰਹੇ ਹਨ ਅਤੇ ਰਾਜ ਸਰਕਾਰ ਡੂੰਘੀ ਨੀਂਦ ਵਿੱਚ ਹੈ।