ਆਪਣੇ ਵਰਕਰਾਂ ਨਾਲ਼ ਧੱਕਾ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕਰਾਂਗਾ, – ਡਾ: ਗਾਂਧੀ
ਘਨੌਰ ਵਿਖੇ ਵੱਡੀ ਗਿਣਤੀ ਵਿੱਚ ਵਰਕਰ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ
ਅੱਜ ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਘਨੌਰ ਵਿਧਾਨ ਸਭਾ ਹਲਕਾ ਇੰਚਾਰਜ ਮਦਨ ਲਾਲ ਜਲਾਲਪੁਰ ਦੇ ਪ੍ਰਬੰਧ ਹੇਠ ਵੱਖ-ਵੱਖ ਪਿੰਡਾਂ ਵਿੱਚ ਵੱਡੀਆਂ ਚੋਣ ਰੈਲੀਆਂ ਕੀਤੀਆਂ ਗਈਆਂ ਜਿਸ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਇਕੱਠ ਦੇਖਣ ਨੂੰ ਮਿਲਿਆ, ਉੱਥੇ ਹੀ ਆਪ ਪਾਰਟੀ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜ੍ਹਦਿਆਂ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਿੱਤਾ।
ਡਾ: ਗਾਂਧੀ ਨੇ ਬੋਲਦਿਆਂ ਕਿਹਾ ਕਿ ਓਹਨਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਜਗ੍ਹਾ ਆਉਣ ਵਾਲ਼ੀ ਹਾਰ ਤੋਂ ਘਬਰਾ ਕੇ ਸੂਬਾ ਸਰਕਾਰ ਦੇ ਵਿਧਾਇਕ ਪ੍ਰਸ਼ਾਸਨ ਰਾਹੀਂ ਸਾਡੇ ਵਰਕਰਾਂ ਨੂੰ ਡਰਾਉਣ ਅਤੇ ਦਬਕਾਉਣ ਦਾ ਕੰਮ ਕਰ ਰਹੇ ਹਨ ਜੋਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਮੈਂ ਵਿਦਿਆਰਥੀ ਜੀਵਨ ਤੋਂ ਹੀ ਹੱਕਾਂ ਲਈ ਧਰਨੇ ਮੁਜ਼ਾਹਰੇ ਅਤੇ ਹਰ ਤਰ੍ਹਾਂ ਦਾ ਸੰਘਰਸ਼ ਕਰਦਾ ਆ ਰਿਹਾ ਹਾਂ, ਇਸ ਲਈ ਮੈਨੂੰ ਵਕਤ ਨਹੀਂ ਲੱਗਣਾ ਕੋਈ ਥਾਣਾ ਜਾਂ ਸਬੰਧਤ ਅਧਿਕਾਰੀ ਦਾ ਦਫ਼ਤਰ ਘੇਰਨ ਲੱਗਿਆਂ ਜੋ ਸਾਡੇ ਵਰਕਰਾਂ ਨੂੰ ਨਜ਼ਾਇਜ਼ ਤੰਗ ਪ੍ਰੇਸ਼ਾਨ ਕਰਨਗੇ।
ਡਾਕਟਰ ਧਰਮਵੀਰ ਗਾਂਧੀ ਨੇ ਅੱਗੇ ਕਿਹਾ ਕਿ ਮੈਂ ਹੋਰ ਬਹੁਤੇ ਸਿਆਸਤਦਾਨਾਂ ਵਾਂਗ ਵਿਰੋਧੀ ਉਮੀਦਵਾਰਾਂ ਵਿਰੁੱਧ ਦੂਸ਼ਣਬਾਜ਼ੀ ਜਾਂ ਧੱਕੇਸ਼ਾਹੀ ਕਰਕੇ ਵੋਟ ਨਹੀਂ ਮੰਗਦਾ ਸਗੋਂ ਆਪਣੇ ਕੰਮ ਅਤੇ ਕਿਰਦਾਰ ਨੂੰ ਲੋਕਾਂ ਸਾਹਮਣੇ ਰੱਖਦਾ ਹਾਂ ਅਤੇ ਮੁੱਦਿਆਂ ਦੀ ਸਿਆਸਤ ਕਰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਲੋਕ ਦੇਸ਼ ਦੀਆਂ ਚੁਣੌਤੀਆਂ ਅਤੇ ਮੇਰੇ ਪਿਛਲੇ 50 ਸਾਲ ਦੇ ਸਾਫ਼ ਸੁਥਰੇ ਜਨਤਕ ਜੀਵਨ ਨੂੰ ਦੇਖਦਿਆਂ ਮੈਨੂੰ ਲੋਕ ਸਭਾ ਵਿੱਚ ਭੇਜਣਗੇ।
ਇਸ ਮੌਕੇ ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਡਾ: ਗਾਂਧੀ ਨੂੰ ਭਰੋਸਾ ਦਵਾਇਆ ਕਿ ਉਹ ਘਨੌਰ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ਼ ਜਿਤਾਉਂਣਗੇ।