ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੁਆਰਾ ਰਿਹਾਇਸ਼ੀ ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ਵਿੱਚ ਬਦਲਵਾਉਣ ਦੇ ਇੱਛੁਕ ਅਲਾਟੀਆਂ/ਮਾਲਕਾਂ ਦੀ ਸੁਵਿਧਾ ਲਈ ਪਬਲਿਕ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ 10.09.2026 ਤੋਂ 25.09.2026 ਤੱਕ, ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੰਡੀਗੜ੍ਹ ਹਾਊਸਿੰਗ ਬੋਰਡ, ਸੈਕਟਰ 9-ਡੀ, ਚੰਡੀਗੜ੍ਹ ਦੀ 6ਵੀਂ ਮੰਜ਼ਿਲ ਸਥਿਤ ਹਾਲ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਕੈਂਪ ਦੇ ਪਹਿਲੇ ਦੋ ਦਿਨਾਂ ਦੌਰਾਨ ਵਿਭਿੰਨ ਖੇਤਰਾਂ ਤੋਂ ਰਿਹਾਇਸ਼ੀ ਇਕਾਈਆਂ/ਜਾਇਦਾਦਾਂ ਦੇ 94 ਅਲਾਟੀਆਂ/ਮਾਲਕਾਂ ਨੇ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ਵਿੱਚ ਬਦਲਵਾਉਣ ਨਾਲ ਸਬੰਧਿਤ ਪ੍ਰਸ਼ਨਾਂ ‘ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨੇ ਆਉਣ ਵਾਲੇ ਲੋਕਾਂ ਨੂੰ ਰੂਪਾਂਤਰਣ ਪ੍ਰਕਿਰਿਆ, ਲਾਗੂ ਹੋਣ ਵਾਲੇ ਖਰਚਿਆਂ/ਬਕਾਇਆ ਰਕਮ, ਜ਼ਰੂਰੀ ਦਸਤਾਵੇਜ਼ਾਂ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਜ਼ਰੂਰੀ ਮਾਰਗਦਰਸ਼ਨ ਅਗਵਾਈ ਅਤੇ ਸਪਸ਼ਟੀਕਰਣ ਪ੍ਰਦਾਨ ਕੀਤਾ। ਇਸ ਪਹਿਲ ਨੂੰ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦਾ ਉਦੇਸ਼ ਰੂਪਾਂਤਰਣ ਪ੍ਰਕਿਰਿਆ ਨੂੰ ਅਲਾਟੀਆਂ/ਮਾਲਕਾਂ ਲਈ ਅਧਿਕ ਸੁਵਿਧਾਜਨਕ ਅਤੇ ਸੁਗਮ ਬਣਾਉਣਾ ਹੈ।
ਅਲਾਟੀਆਂ/ਮਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਰੂਪਾਂਤਰਣ ਮਾਮਲਿਆਂ ਦੀ ਪ੍ਰਕਿਰਿਆ ਲਈ ਆਪਣੇ ਅਲਾਟਮੈਂਟ ਪੱਤਰ/ਟ੍ਰਾਂਸਫਰ ਡੀਡ ਦੀਆਂ ਕਾਪੀਆਂ, ਨਵੀਨਤਮ ਭੁਗਤਾਨ ਰਸੀਦਾਂ, ਪਹਿਚਾਣ ਅਤੇ ਪਤੇ ਦੇ ਪ੍ਰਮਾਣ ਅਤੇ ਹੋਰ ਸਬੰਧਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਸਮੇਤ ਕੈਂਪ ਵਿੱਚ ਆਉਣ। ਆਪਣੀਆਂ ਅਰਜ਼ੀਆਂ ਦੇ ਜਲਦੀ ਨਿਪਟਾਰੇ ਲਈ ਉਹ ਕੈਂਪ ਵਿੱਚ ਆਉਣ ਤੋਂ ਪਹਿਲਾਂ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਪੋਰਟਲ www.chbonline.in ‘ਤੇ ਲਾਗੂ ਹੋਣ ਵਾਲੇ ਰੂਪਾਂਤਰਣ ਖਰਚ/ਬਕਾਇਆ ਰਕਮ,ਜੇਕਰ ਕੋਈ ਹੈ, ਦੀ ਜਾਂਚ ਵੀ ਕਰ ਸਕਦੇ ਹਨ।
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸਾਰੇ ਸਬੰਧਿਤ ਅਲਾਟੀਆਂ/ਮਾਲਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਅਵਸਰ ਦਾ ਲਾਭ ਉਠਾਉਣ ਅਤੇ ਆਪਣੀਆਂ ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ਵਿੱਚ ਬਦਲਵਾਉਣ ਲਈ ਪਬਲਿਕ ਕੈਂਪ ਵਿੱਚ ਆਉਣ।


