29 ਨਵੰਬਰ ਤੋਂ 2 ਦਸੰਬਰ ਤੱਕ ਲੁਧਿਆਣਾ ਵਿਖੇ ਲੱਗੇਗਾ ਹਾਕੀ ਦਾ ਮਜ਼ਬਾ
6 ਉੱਭਰਦੇ ਖਿਡਾਰੀ ਨੂੰ 5-5 ਹਜ਼ਾਰ ਰੁਪਏ ਨਗਦ ਇਨਾਮ ਅਤੇ ਓਲੰਪੀਅਨ ਖਿਡਾਰੀ ਐਵਾਰਡ ਨਾਲ ਹੋਣਗੇ ਸਨਮਾਨਿਤ
ਹਾਕੀ ਭਾਰਤ ਦੀ ਕੌਮੀ ਖੇਡ ਵਜੋਂ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਦੀ ਹੈ। ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦਾ ਭਾਰਤੀ ਹਾਕੀ ਦੇ ਸੁਨਹਿਰੀ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਧਰਤੀ ਨੇ7 ਕਈ ਓਲੰਪੀਅਨ, ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਨਾਮਵਰ ਕੋਚ ਪੈਦਾ ਕੀਤੇ ਹਨ। ਪਰ ਅਜੋਕੇ ਸਮੇਂ ਵਿੱਚ ਸਕੂਲੀ ਪੱਧਰ ’ਤੇ ਹਾਕੀ ਨੂੰ ਹੋਰ ਮਜ਼ਬੂਤ ਕਰਨ, ਨਵੀਂ ਪੀੜ੍ਹੀ ਨੂੰ ਖੇਡ ਨਾਲ ਜੋੜਨ ਅਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ।
ਇਸੇ ਮਕਸਦ ਨੂੰ ਮੁੱਖ ਰੱਖਦਿਆਂ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 10ਵੀਂ ਗੁਰੂ ਗੋਬਿੰਦ ਸਿੰਘ ਅੰਡਰ-17 ਸਕੂਲ ਹਾਕੀ ਚੈਂਪੀਅਨਸ਼ਿਪ 29 ਨਵੰਬਰ ਤੋਂ 2 ਦਸੰਬਰ 2026 ਤੱਕ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਲੁਧਿਆਣਾ ਜ਼ਿਲ੍ਹੇ ਵਿੱਚ ਹਾਕੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ।
ਇਸ ਚੈਂਪੀਅਨਸ਼ਿਪ ਵਿੱਚ ਮੁੰਡੇ ਅਤੇ ਕੁੜੀਆ ਦੀਆਂ 12 ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਸਕੂਲੀ ਬੱਚਿਆਂ ਨੂੰ ਹਾਕੀ ਨਾਲ ਜੋੜਨਾ, ਉਨ੍ਹਾਂ ਅੰਦਰ ਖੇਡ ਪ੍ਰਤੀ ਦਿਲਚਸਪੀ ਪੈਦਾ ਕਰਨਾ, ਉਨ੍ਹਾਂ ਨੂੰ ਮੁਕਾਬਲੇ ਦੀ ਭਾਵਨਾ ਨਾਲ ਖੇਡਣਾ ਸਿਖਾਉਣਾ ਅਤੇ ਭਵਿੱਖ ਦੇ ਕੌਮੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਵਜੋਂ ਤਿਆਰ ਕਰਨਾ ਹੈ।
ਮਹਾਨ ਹਾਕੀ ਖਿਡਾਰੀਆਂ ਦੇ ਨਾਂ ’ਤੇ ਐਵਾਰਡ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ
————————-**-
ਇਸ ਚੈਂਪੀਅਨਸ਼ਿਪ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਮਹਾਨ ਹਾਕੀ ਖਿਡਾਰੀਆਂ ਦੇ ਨਾਂ ’ਤੇ ਐਵਾਰਡ ਰੱਖੇ ਗਏ ਹਨ। ਇਸ ਦਾ ਮਕਸਦ ਸਿਰਫ਼ ਨੌਜਵਾਨ ਖਿਡਾਰੀਆਂ ਨੂੰ ਇਨਾਮ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਦੇ ਮਹਾਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ।
ਅੰਡਰ-17 ਵਰਗ ਵਿੱਚ ਆਪਣੀ ਖੇਡ, ਅਨੁਸ਼ਾਸਨ, ਮਿਹਨਤ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੁਣੇ ਹੋਏ 6 ਖਿਡਾਰੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹੋਰ ਵੀ ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਮਹਾਨ ਹਾਕੀ ਹਸਤੀਆਂ ਦੇ ਹੱਥੋਂ ਸਨਮਾਨਿਤ ਕਰਵਾਉਣ ਦਾ ਯਤਨ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹਾਕੀ ਦੇ ਲੇਖੇ ਲਾਈ ਹੈ।
ਲੁਧਿਆਣਾ ਦੀ ਹਾਕੀ ਵਿਰਾਸਤ ਨੂੰ ਮਿਲੇਗਾ ਨਵਾਂ ਸਨਮਾਨ
—————————
ਲੁਧਿਆਣਾ ਦੀ ਧਰਤੀ ਦਾ ਹਾਕੀ ਨਾਲ ਬਹੁਤ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਹੈ। ਭਾਰਤ ਦਾ ਪਹਿਲਾ ਸਿੱਖ ਓਲੰਪੀਅਨ ਕੇਹਰ ਸਿੰਘ ਗਿੱਲ ਵੀ ਲੁਧਿਆਣਾ ਦੀ ਧਰਤੀ ਨੇ ਹੀ ਪੈਦਾ ਕੀਤਾ ਹੈ ਇਸ ਤੋਂ ਇਲਾਵਾ ਓਲੰਪੀਅਨ ਪ੍ਰਿਥੀਪਾਲ ਸਿੰਘ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਓਲੰਪੀਅਨ ਜਸਵੰਤ ਸਿੰਘ ਗਿੱਲ, ਬਲਵੀਰ ਅਤੇ ਗੁਰਬਖਸ਼ ਸਿੰਘ ਗਰੇਵਾਲ ਭਰਾਵਾਂ, ਰਮਨਦੀਪ ਸਿੰਘ ਅਤੇ ਹੋਰ ਕਈ ਖਿਡਾਰੀਆਂ ਨੇ ਭਾਰਤੀ ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਇਆ ਹੈ।
ਇਸੇ ਵਿਰਾਸਤ ਨੂੰ ਅੱਗੇ ਤੋਰਨ ਲਈ 6 ਐਵਾਰਡ ਮਹਾਨ ਹਾਕੀ ਹਸਤੀਆਂ ਦੇ ਨਾਂ ’ਤੇ ਦਿੱਤੇ ਜਾਣਗੇ।
ਇਸ ਸਾਲ ਦੇ ਸਰਵੋਤਮ ਕੋਚ ਨੂੰ ਪਦਮ ਸ੍ਰੀ ਬਲਦੇਵ ਸਿੰਘ ਐਵਾਰਡ,ਫਾਰਡ ਖਿਡਾਰੀ ਨੂੰ ਓਲੰਪੀਅਨ ਬਲਬੀਰ ਸਿੰਘ ਗਰੇਵਾਲ ਐਵਾਰਡ, ਹਾਫ਼ ਬੈਕ ਨੂੰ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਐਵਾਰਡ ,ਸਰਬੋਤਮ ਫੁਲਬੈਕ ਨੂੰ ਰਛਪਾਲ ਸਿੰਘ ਨਾਗੀ( ਕਿੰਡੋ) ਐਵਾਰਡ, ਸਰਵੋਤਮ ਗੋਲਕੀਪਰ ਨੋ ਹਰਜੋਤ ਸਿੰਘ ਜੋਤੀ ਐਵਾਰਡ, ਕੁੜੀਆਂ ਦੇ ਵਰਗ ਵਿੱਚ ਕੁੜੀਆਂ ਦੀ ਸਰਵੋਤਮ ਖਿਡਾਰਨ ਨੂੰ ਉਲੰਪੀਅਨ ਅਤੇ 1982 ਏਸ਼ੀਅਨ ਖੇਡਾਂ ਦੀ ਗੋਲਡ ਮੈਡਲਿਸਟ ਸ਼ਰਨਜੀਤ ਕੌਰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਦੀ ਜਰੂਰੀ ਮੀਟਿੰਗ ਅੱਜ ਪੀਏਯੂ ਲੁਧਿਆਣਾ ਦੇ ਹਾਕੀ ਗਰਾਊਂਡ ਵਿਖੇ ਹੋਈ।
ਇਸ ਸਮੁੱਚੇ ਉਪਰਾਲੇ ਦੀ ਅਗਵਾਈ ਸੰਸਥਾ ਦੇ ਸਰਪ੍ਰਸਤ ਪਦਮ ਸ਼੍ਰੀ ਅਤੇ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਕਰ ਰਹੇ ਹਨ। ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਸੇਵਾਮੁਕਤ ਏਆਈਜੀ ਪੰਜਾਬ ਪੁਲਿਸ, ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਖੇਡ ਪ੍ਰਮੋਟਰ, ਚੇਅਰਮੈਨ ਸੁਖਵਿੰਦਰ ਸਿੰਘ, ਜੇਪੀ ਸਿੰਘ ਰਾਮ ਟੈਕਸਟਾਇਲ ਵਾਲੇ, ਸੁਰਿੰਦਰ ਸਿੰਘ ਅਰੋੜਾ,ਮੀਤ ਪ੍ਰਧਾਨ ਹੁਕਮ ਸਿੰਘ ਅਤੇ ਦਵਿੰਦਰ ਸਿੰਘ ਕਾਲਾ ਘੁੰਮਣ, ਖਜ਼ਾਨਚੀ ਆਰ.ਐੱਸ. ਨਾਗੀ, ਪ੍ਰਬੰਧਕੀ ਸਕੱਤਰ ਗੁਰਸਤਿੰਦਰ ਸਿੰਘ ਪ੍ਰਗਟ ਅਤੇ ਟੂਰਨਾਮੈਂਟ ਦੇ ਤਕਨੀਕੀ ਡਾਇਰੈਕਟਰ ਗੁਰਤੇਗ ਸਿੰਘ ਲਾਡੀ , ਨਵਦੀਪ ਸਿੰਘ ਘੁੰਮਣ ਪਰਮਜੀਤ ਸਿੰਘ ਪੰਮਾ ਗਰੇਵਾਲ , ਕੁਲਦੀਪ ਸਿੰਘ ਘਵੱਦੀ ,ਵੱਲੋਂ ਇਸ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਜਨਰਲ ਸਕੱਤਰ ਦੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਅੰਡਰ-17 ਸਕੂਲ ਹਾਕੀ ਚੈਂਪੀਅਨਸ਼ਿਪ ਰਾਹੀਂ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨੇ ਇੱਕ ਨਵੀਂ ਸੋਚ ਨੂੰ ਜਨਮ ਦੇਣ ਦਾ ਯਤਨ ਕੀਤਾ ਹੈ। ਜਦੋਂ ਇੱਕ ਛੋਟੇ ਬੱਚੇ ਨੂੰ ਆਪਣੇ ਜ਼ਿਲ੍ਹੇ ਦੇ ਓਲੰਪੀਅਨ ਦੇ ਹੱਥੋਂ ਐਵਾਰਡ ਮਿਲੇਗਾ ਤਾਂ ਉਸ ਦੇ ਮਨ ਵਿੱਚ ਵੀ ਦੇਸ਼ ਲਈ ਖੇਡਣ ਅਤੇ ਓਲੰਪੀਅਨ ਬਣਨ ਦਾ ਸੁਪਨਾ ਜ਼ਰੂਰ ਜਨਮ ਲਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 4 ਹੋਰ ਸ਼ਖਸੀਅਤਾਂ ਦਾ ਉਦਘਾਟਨੀ ਸਮਾਰੋਹ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਲੁਧਿਆਣੇ ਦੀ ਹਾਕੀ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਸੋਵੀਨਾਰ ਵੀ ਜਾਰੀ ਕੀਤਾ ਜਾਵੇਗਾ।


