ਖੇਡੋ ਮਾਸਟਰ ਹਾਕੀ ਐਂਡ ਵੈਲਫੇਅਰ ਕਲੱਬ ਵੱਲੋਂ ਸਵਰਗੀ ਸਤਿੰਦਰ ਕੌਰ (ਸੱਤੀ) ਅਤੇ ਸਵਰਗੀ ਸੁਖਵਿੰਦਰ ਕੌਰ ਟੀਮਾ, ਸਵ: ਸੋਨੂੰ ਸੀਨੀਅਰ ਜਲੰਧਰ ਦੀ ਪਵਿੱਤਰ ਯਾਦ ਨੂੰ ਸਮਰਪਿਤ 6-A-Side ਮਾਸਟਰ ਹਾਕੀ ਟੂਰਨਾਮੈਂਟ 28 ਅਤੇ 29 ਨਵੰਬਰ 2026 ਨੂੰ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਮੀ ਹਾਕੀ ਖਿਡਾਰਨ ਅਮਨਦੀਪ ਕੌਰ ਫਰੀਦਕੋਟ ਕਲੱਬ ਪ੍ਰਧਾਨ ਕਿਰਨਾ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਰੋਜੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਸਾਰੀਆਂ ਮਾਸਟਰ ਮਹਿਲਾ ਖਿਡਾਰਨਾਂ ਭਾਗ ਲੈਣਗੀਆਂ। ਸਾਰੀਆਂ ਖਿਡਾਰਨਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਲੱਬ ਵੱਲੋਂ ਮੁਫ਼ਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੂੰ 28 ਨਵੰਬਰ ਨੂੰ ਦੁਪਹਿਰ 12 ਵਜੇ ਤੱਕ ਪਹੁੰਚਣ ਦੀ ਬੇਨਤੀ ਹੈ, ਤਾਂ ਜੋ ਸ਼ਾਮ ਤੋਂ ਮੈਚ ਸ਼ੁਰੂ ਕੀਤੇ ਜਾ ਸਕਣ। 29 ਨਵੰਬਰ ਨੂੰ ਸਵੇਰੇ 11 ਵਜੇ ਤੱਕ ਸਾਰੇ ਮੈਚ ਸਮਾਪਤ ਕਰ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਜਿੱਤ-ਹਾਰ ਲਈ ਨਹੀਂ, ਸਗੋਂ ਆਪਣੇਪਣ, ਪਿਆਰ ਅਤੇ ਵਿਛੜੀਆਂ ਸਾਥਣਾਂ ਦੀਆਂ ਯਾਦਾਂ ਨੂੰ ਜਿਉਂਦਾ ਰੱਖਣ ਲਈ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਵਿਖੇ ਵੀ ਹੋ ਚੁੱਕਾ ਹੈ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਪੁਰਾਣੀਆ ਹਾਕੀ ਖਿਡਾਰਨਾਂ ਨੂੰ ਹਾਕੀ ਨਾਲ ਜੋੜਨਾ ਅਤੇ ਨਵੀਆਂ ਖਿਡਾਰਨਾਂ ਨੂੰ ਹਾਕੀ ਪ੍ਰਤੀ ਉਤਸਾਹਤ ਕਰਨਾ ਹੈ।


