ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਦੇ ਸੁਤੰਤਰਤਾ ਦਿਵਸ ਸਮਾਰੋਹ ਦੇ ਤਹਿਤ 9 ਤੋਂ 17 ਅਗਸਤ, 2026 ਤੱਕ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰ ਵਿਆਪੀ ‘ਹਰ ਘਰ ਤਿਰੰਗਾ ਵੰਦੇ ਮਾਤਰਮ ਦੇ 150 ਵਰ੍ਹੇ’ ਮੁਹਿੰਮ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ।
ਅੱਜ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਧਾਨਗੀ ਵਿੱਚ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਈ, ਜਿਸ ਵਿੱਚ ਵਿਭਿੰਨ ਵਿਭਾਗਾਂ ਦੀ ਤਿਆਰੀ ਦਾ ਮੁੱਲਾਂਕਣ ਕੀਤਾ ਗਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮੁਹਿੰਮ ਦੇ ਸਫ਼ਲਤਾਪੂਰਵਕ ਲਾਗੂ ਕਰਨ ਲਈ ਨਿਰਵਿਘਨ ਤਾਲਮੇਲ ਸੁਨਿਸ਼ਚਿਤ ਕੀਤਾ ਗਿਆ।
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿੱਦਿਅਕ ਸੰਸਥਾਵਾਂ, ਸਰਕਾਰੀ ਦਫ਼ਤਰਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕਿਟ ਐਸੋਸੀਏਸ਼ਨਾਂ, ਯੁਵਾ ਸੰਗਠਨਾਂ, ਸਵੈ-ਇੱਛੁਕ ਸੰਗਠਨਾਂ ਅਤੇ ਸਿਵਲ ਸੋਸਾਇਟੀ ਨੂੰ ਸਰਗਰਮੀ ਨਾਲ ਸ਼ਾਮਲ ਕਰਕੇ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਸੁਨਿਸ਼ਚਿਤ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰੇਕ ਵਿਭਾਗ ਨੂੰ ਸਾਰਥਕ ਗਤੀਵਿਧੀਆਂ ਦਾ ਆਯੋਜਨ ਕਰਨਾ ਚਾਹੀਦਾ ਹੈ ਜੋ ਦੇਸ਼ ਭਗਤੀ ਨੂੰ ਪ੍ਰੇਰਿਤ ਕਰਨ ਅਤੇ ਨਾਗਰਿਕਾਂ ਨੂੰ ਆਪਣੇ ਘਰਾਂ, ਸੰਸਥਾਵਾਂ ਅਤੇ ਕਾਰਜ ਸਥਾਨਾਂ ‘ਤੇ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕਰਨ।
ਡਾ. ਸਈਦ ਆਬਿਦ ਰਸ਼ੀਦ ਸ਼ਾਹ, ਆਈਏਐੱਸ, ਸਕੱਤਰ, ਟੂਰਿਜ਼ਮ ਅਤੇ ਸੱਭਿਆਚਾਰ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਪ੍ਰਸਤਾਵਿਤ ਗਤੀਵਿਧੀਆਂ ਅਤੇ ਲਾਗੂਕਰਨ ਦੀ ਰਣਨੀਤੀ ‘ਤੇ ਇੱਕ ਵਿਆਪਕ ਪੇਸ਼ਕਾਰੀ ਕੀਤੀ ਗਈ। ਵਿਸਤ੍ਰਿਤ ਪੇਸ਼ਕਾਰੀ ਵਿੱਚ ‘ਹਰ ਘਰ ਤਿਰੰਗਾ – ਵੰਦੇ ਮਾਤਰਮ ਦੇ 150 ਵਰ੍ਹੇ’ ਮੁਹਿੰਮ ਦੇ ਨਾਲ-ਨਾਲ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਨੂੰ ਮਨਾਉਣ ਲਈ ਸੰਕਲਪ, ਉਦੇਸ਼, ਗਤੀਵਿਧੀ ਕੈਲੰਡਰ, ਵਿਭਾਗਾਂ ਦਰਮਿਆਨ ਤਾਲਮੇਲ ਈਕੋਸਿਸਟਮ ਅਤੇ ਲਾਗੂ ਕਰਨ ਦੀ ਯੋਜਨਾ ਦੀ ਰੂਪਰੇਖਾ ਦਿੱਤੀ ਗਈ। ਪੇਸ਼ਕਾਰੀ ਵਿੱਚ ਵਿਭਿੰਨ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨੂੰ ਉਜਾਗਰ ਕੀਤਾ ਗਿਆ ਅਤੇ ਸ਼ਹਿਰ ਭਰ ਵਿੱਚ ਮੁਹਿੰਮ ਦਾ ਸਫ਼ਲ ਸੰਚਾਲਨ ਸੁਨਿਸ਼ਚਿਤ ਕਰਨ ਲਈ ਇੱਕ ਸਹਿਯੋਗੀ ਪਹੁੰਚ ‘ਤੇ ਜ਼ੋਰ ਦਿੱਤਾ ਗਿਆ।
ਸੱਭਿਆਚਾਰ ਵਿਭਾਗ ਨੇ ਭਾਰਤ ਦੀ ਸਮ੍ਰਿੱਧ ਵਿਰਾਸਤ ਨੂੰ ਮਨਾਉਣ, ਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਰਗਰਮ ਜਨਤਕ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਤਿਆਰ ਕੀਤੇ ਗਏ ਦੇਸ਼ ਭਗਤੀ, ਸੱਭਿਆਚਾਰਕ ਅਤੇ ਸਮੁਦਾਇਕ-ਅਧਾਰਿਤ ਪ੍ਰੋਗਰਾਮਾਂ ਦੀ ਇੱਕ ਵਿਆਪਕ ਸੀਰੀਜ਼ ਦੀ ਕਲਪਨਾ ਕੀਤੀ ਹੈ। ਸੱਭਿਆਚਾਰ, ਵਿਰਾਸਤ, ਕਲਾ, ਸਾਹਿਤ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਜੋੜਦੇ ਹੋਏ ਸਮਾਗਮਾਂ ਦਾ ਇੱਕ ਜੀਵੰਤ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਏਕਤਾ, ਵਿਵਿਧਤਾ ਅਤੇ ਰਾਸ਼ਟਰੀ ਗੌਰਵ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸੱਭਿਆਚਾਰ ਵਿਭਾਗ ਚੰਡੀਗੜ੍ਹ ਭਰ ਵਿੱਚ ਮੁਹਿੰਮ ਦਾ ਸਫ਼ਲ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਵਿਭਿੰਨ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਕਲਾਕਾਰਾਂ, ਸੱਭਿਆਚਾਰਕ ਸੰਗਠਨਾਂ ਅਤੇ ਸਿਵਲ ਸੋਸਾਇਟੀ ਨਾਲ ਤਾਲਮੇਲ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਵਰ੍ਹੇ ਦੀ ਮੁਹਿੰਮ ਵੰਦੇ ਮਾਤਰਮ ਦੇ 150 ਵਰ੍ਹੇ ਦੀ ਯਾਦ ਨੂੰ ਸਮਰਪਿਤ ਹੈ ਅਤੇ ਸ਼ਹਿਰ ਭਰ ਵਿੱਚ ਜਨਤਕ ਪ੍ਰੋਗਰਾਮਾਂ ਦੌਰਾਨ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨੂੰ ਹੁਲਾਰਾ ਦਿੰਦੇ ਹੋਏ ਰਾਸ਼ਟਰੀ ਝੰਡੇ ਨਾਲ ਨਾਗਰਿਕਾਂ ਦੇ ਭਾਵਨਾਤਮਕ ਬੰਧਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ।
ਮੁਹਿੰਮ ਦੇ ਤਹਿਤ, ਸਰਕਾਰੀ ਭਵਨਾਂ, ਵਿੱਦਿਅਕ ਸੰਸਥਾਵਾਂ, ਟੂਰਿਸਟ ਸਥਾਨਾਂ ਅਤੇ ਹੋਰ ਪ੍ਰਮੁੱਖ ਜਨਤਕ ਸਥਾਨਾਂ ਨੂੰ ਤਿਰੰਗਾ-ਥੀਮ ਵਾਲੀਆਂ ਪ੍ਰਦਰਸ਼ਨੀਆਂ ਨਾਲ ਰੋਸ਼ਨ ਕੀਤਾ ਜਾਵੇਗਾ ਅਤੇ ਸਜਾਇਆ ਜਾਵੇਗਾ। ਮੁਹਿੰਮ ਦੌਰਾਨ ਤਿਰੰਗਾ ਰੈਲੀਆਂ, ਵਾਕਾਥਨ, ਸਾਇਕਲ, ਬਾਈਕ ਅਤੇ ਕਾਰ ਰੈਲੀਆਂ, ਪੇਂਟਿੰਗ, ਕੁਇਜ਼ ਅਤੇ ਰੰਗੋਲੀ ਮੁਕਾਬਲੇ, ਦੇਸ਼ ਭਗਤੀ ਪ੍ਰਦਰਸ਼ਨੀਆਂ, ਸੱਭਿਆਚਾਰਕ ਪ੍ਰਦਰਸ਼ਨੀਆਂ, ਨੁੱਕੜ ਨਾਟਕ, ਲੇਜ਼ਰ ਅਤੇ ਸਾਊਂਡ ਸ਼ੋਅ, ਤਿਰੰਗਾ ਮੇਲੇ, ਤਿਰੰਗਾ ਰੱਖੜੀ ਬਣਾਉਣ ਦੀਆਂ ਵਰਕਸ਼ਾਪਾਂ, ਤਿਰੰਗਾ ਬੁਣਾਈ ਅਤੇ ਧਾਗੇ ਦੀਆਂ ਗਤੀਵਿਧੀਆਂ, ਸੈਲਫੀ ਪੁਆਇੰਟ, ਕਿਸ਼ਤੀ ਰੈਲੀਆਂ ਅਤੇ ਵਿਰਾਸਤ-ਅਧਾਰਿਤ ਪ੍ਰੋਗਰਾਮਾਂ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਵਿਸ਼ੇਸ਼ ਪਹਿਲਾਂ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਅਤੇ ਪੁਲਿਸ ਦੇ ਕਰਮਚਾਰੀਆਂ ਨੂੰ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਆਭਾਰ ਵਿਅਕਤ ਕਰਨ ਵਾਲੇ ਪੱਤਰ ਲਿਖਣ ਲਈ ਵੀ ਉਤਸ਼ਾਹਿਤ ਕਰਨਗੀਆਂ। ਨਾਗਰਿਕਾਂ ਨੂੰ ਅਧਿਕਾਰਿਤ ਮੁਹਿੰਮ ਪੋਰਟਲਾਂ ‘ਤੇ ਰਾਸ਼ਟਰੀ ਝੰਡੇ ਨਾਲ ਸੈਲਫੀ ਅਪਲੋਡ ਕਰਕੇ ਡਿਜੀਟਲ ਪਲੈਟਫਾਰਮਾਂ ਦੇ ਜ਼ਰੀਏ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਮੀਟਿੰਗ ਨੇ ਭਾਰਤ ਦੀ ਵੰਡ ਦੌਰਾਨ ਲੱਖਾਂ ਲੋਕਾਂ ਦੁਆਰਾ ਸਹਿਣ ਕੀਤੇ ਗਏ ਦਰਦ, ਕੁਰਬਾਨੀ, ਸਦਮੇ ਅਤੇ ਵਿਸਥਾਪਨ ਨੂੰ ਯਾਦ ਕਰਨ ਲਈ 14 ਅਗਸਤ, 2026 ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਮਨਾਉਣ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਪ੍ਰਦਰਸ਼ਨੀਆਂ, ਦਸਤਾਵੇਜ਼ੀ ਸਕ੍ਰੀਨਿੰਗ, ਸਕੂਲੀ ਵਿਦਿਆਰਥੀਆਂ ਲਈ ਕਿਊਰੇਟਿਡ ਵਿਰਾਸਤੀ ਦੌਰੇ, ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਦੁਆਰਾ ਅਨੁਭਵ ਸਾਂਝੇ ਕਰਨ ਦੇ ਸੈਸ਼ਨ, ਸੱਭਿਆਚਾਰਕ ਪੇਸ਼ਕਾਰੀਆਂ, ਮੋਮਬੱਤੀਆਂ ਦੀ ਰੋਸ਼ਨੀ ਵਿੱਚ ਸ਼ਰਧਾਂਜਲੀਆਂ ਅਤੇ ਮੌਨ ਮਾਰਚ ਸ਼ਹਿਰ ਭਰ ਵਿੱਚ ਆਯੋਜਿਤ ਕੀਤੇ ਜਾਣਗੇ। ਮੁੱਖ ਯਾਦਗਾਰੀ ਸਮਾਗਮ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਹੋਵੇਗਾ।
ਮੀਟਿੰਗ ਵਿੱਚ ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਗ੍ਰਹਿ ਸਕੱਤਰ; ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ, ਵਿੱਤ ਸਕੱਤਰ; ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਕੱਤਰ ਸਿੱਖਿਆ; ਸ਼੍ਰੀ ਅਮਿਤ ਕੁਮਾਰ, ਆਈਏਐੱਸ, ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ; ਸ਼੍ਰੀ ਸਵਪਨਿਲ ਐੱਮ. ਨਾਇਕ, ਆਈਏਐੱਸ, ਸਕੱਤਰ ਪ੍ਰਾਹੁਣਾਚਾਰੀ; ਡਾ ਸਈਅਦ ਆਬਿਦ ਰਸ਼ੀਦ ਸ਼ਾਹ, ਆਈਏਐੱਸ, ਸਕੱਤਰ ਟੂਰਿਜ਼ਮ ਅਤੇ ਸੱਭਿਆਚਾਰ; ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈਏਐੱਸ, ਸਕੱਤਰ, ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ; ਸ਼੍ਰੀ ਪ੍ਰਦੀਪ ਕੁਮਾਰ, ਆਈਏਐੱਸ, ਸਕੱਤਰ, ਪਸ਼ੂ ਪਾਲਣ ਅਤੇ ਮੱਛੀ ਪਾਲਣ; ਸ਼੍ਰੀ ਮੁਹੰਮਦ ਮਨਸੂਰ ਐੱਲ, ਆਈਏਐੱਸ, ਸਕੱਤਰ ਸਹਿਕਾਰਤਾ; ਸ਼੍ਰੀ ਡੀ. ਕਾਰਤੀਕੇਯਨ, ਆਈਏਐੱਸ, ਸਕੱਤਰ ਸੂਚਨਾ ਟੈਕਨੋਲੋਜੀ; ਸੁਸ਼੍ਰੀ ਕੰਵਰਦੀਪ ਕੌਰ, ਆਈਪੀਐੱਸ, ਸੀਨੀਅਰ ਪੁਲਿਸ ਸੁਪਰਡੈਂਟ ਸਹਿਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ‘ਤੇ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾ ਕੇ, ਸ਼ਹਿਰ ਭਰ ਵਿੱਚ ਆਯੋਜਿਤ ਦੇਸ਼ਭਗਤੀ, ਸੱਭਿਆਚਾਰਕ ਅਤੇ ਸਮੁਦਾਇਕ ਗਤੀਵਿਧੀਆਂ ਵਿੱਚ ਉਤਸ਼ਾਹਪੂਰਵਕ ਹਿੱਸਾ ਲੈ ਕੇ ਅਤੇ ਰਾਸ਼ਟਰ ਦੀ ਏਕਤਾ, ਸਦਭਾਵ, ਦੇਸ਼ਭਗਤੀ ਅਤੇ ਰਾਸ਼ਟਰੀ ਗੌਰਵ ਦੇ ਆਦਰਸ਼ਾਂ ਨੂੰ ਸਸ਼ਕਤ ਬਣਾਉਂਦੇ ਹੋਏ ‘ਹਰ ਘਰ ਤਿਰੰਗਾ- ਵੰਦੇ ਮਾਤਰਮ ਦੇ 150 ਵਰ੍ਹੇ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਸਰਗਰਮ ਯੋਗਦਾਨ ਦੇਣ।
