ਬੋਲੇ ਸੁਨੀਲ ਜਾਖੜ ; ਕਿਸਾਨ ਭਾਜਪਾ ਨੂੰ ਵੋਟ ਪਾਉਣਗੇ, ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਹੀ ਕਿਸਾਨੀ ਮਸਲਿਆਂ ਨੂੰ ਕਰ ਸਕਦੀ ਹੈ ਹੱਲ

— ਸਵਾਲ; ਸੜਕਾਂ ਉੱਤੇ ਬੈਠੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਭਗਵੰਤ ਮਾਨ ਚੁੱਪ ਕਿਉਂ ?

— ਸਿਆਸੀ ਚੋਟ; ਸ਼ਰਾਬ ਵੇਚਣ ਦੇ ਦੋਸ਼ਾਂ ਚ ਘਿਰੇ ਕੇਜਰੀਵਾਲ ਬਣਨ ਤੁਰੇ ਕ੍ਰਾਂਤੀਕਾਰੀ

ਚੰਡੀਗੜ੍ਹ / ਸੰਗਰੂਰ, 13 ਮਈ : ‘ਇਹ ਚੋਣ ਪੰਜਾਬ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਵਾਲੀ ਹੈ, ਜਿਸ ਦੀ ਸ਼ੁਰੂਆਤ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਕੀਤੀ ਹੈ। ਹੁਣ ਸੂਬੇ ਦੇ ਲੋਕਾਂ ਦੀ ਸੋਚਣ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਚਾਰਨ ਕਿ ਉਨ੍ਹਾਂ ਪਹਿਲੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਕੀ ਹਾਸਲ ਕੀਤਾ ਤੇ ਹੁਣ ਕਿਹੜੀ ਪਾਰਟੀ ਉਨਾਂ ਦੀ ਮਸਲੇ ਹੱਲ ਕਰ ਸਕਦੀ ਹੈ।’

ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਦੀ ਨੌਮੀਨੇਸ਼ਨ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੌਰਾਨ ਕੀਤਾ। ਇਸ ਮੌਕੇ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ, ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਸਮੇਤ ਵੱਡੀ ਗਿਣਤੀ ਚ ਭਾਜਪਾ ਦੇ ਆਗੂ ਤੇ ਵਰਕਰ ਮੌਜੂਦ ਸਨ।

ਪ੍ਰਧਾਨ ਜਾਖੜ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਬੈਠੇ ਹਨ, ਸੰਗਰੂਰ ਸਮੇਤ ਪੂਰਾ ਸੂਬਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ, ਪਰ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਦੱਸਣ ਵਾਲੇ ਸੀਐਮ ਭਗਵੰਤ ਮਾਨ ਉਨ੍ਹਾਂ ਦੀ ਸਾਰ ਨਹੀਂ ਲੈ ਰਹੇ, ਜਦਕਿ ਮੋਦੀ ਸਰਕਾਰ ਦੇ ਮੰਤਰੀ ਲੋਕਾਂ ਦੀਆਂ ਸੱਥਾਂ ਚ ਜਾ ਰਹੇ ਹਨ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਚੋਂ ਇੱਕ ਮਸਲਾ ਨਸ਼ਿਆਂ ਦੀ ਲਾਹਣਤ ਦਾ ਵੀ ਹੈ, ਪਰ ਕੀ ਮੌਕੇ ਦੀ ਭਗਵੰਤ ਮਾਨ ਸਰਕਾਰ ਇਹ ਦੱਸ ਸਕਦੀ ਹੈ ਕਿ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਇਸ ਗੰਭੀਰ ਸਮੱਸਿਆ ਲਈ ਕੀ ਕੁਝ ਕੀਤਾ?

ਉਨ੍ਹਾਂ ਕਿਹਾ ਕਿ ਸੂਬੇ ਚ ਲੁੱਟ-ਖੋਹ, ਫਿਰੌਤੀਆਂ ਤੇ ਔਰਤਾਂ ਨਾਲ ਧੱਕੇਸ਼ਾਹੀ ਆਏ ਦਿਨ ਦੀ ਗੱਲ ਹੋ ਰਹੀ ਹੈ, ਪਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਥਾਂ ਆਮ ਆਦਮੀ ਪਾਰਟੀ ਦੇ ਆਗੂ ਜਾਂ ਤਾਂ ਆਪਣਾ ਘਰ ਭਰ ਰਹੇ ਹਨ ਜਾਂ ਘਰ ਵਸਾ ਰਹੇ ਹਨ।

ਪ੍ਰਧਾਨ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਚ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਹੁਣ ਸੰਗਰੂਰ ਦੇ ਲੋਕ ਇਸ ਸਬੰਧੀ ਸੁਖਪਾਲ ਖਹਿਰਾ ਜ਼ਰੀਏ ਕਾਂਗਰਸ ਹਾਈ ਕਮਾਂਡ ਤੋਂ ਸਵਾਲ ਪੁੱਛਣ, ਇਸ ਸਬੰਧੀ ਉਨ੍ਹਾਂ ਦਾ ਕੀ ਸਟੈਂਡ ਹੈ।

ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਦੋ ਵਾਰ ਐਮਪੀ ਚੁਣੇ ਗਏ ਮੌਜੂਦਾ ਸੀਐਮ ਭਗਵੰਤ ਮਾਨ ਦੀ ਸੰਗਰੂਰ ਵਾਸੀਆਂ ਨੂੰ ਦੇਣ ਉੱਤੇ ਵਿਅੰਗ ਕਰਦੇ ਹੋਏ ਜਾਖੜ ਨੇ ਕਿਹਾ ਕਿ ਉਹ 10 ਸਾਲ ਚ 8 ਲੱਖ ਦੀ ਗਰਾਂਟ ਲੈ ਕੇ ਆਏ ਹਨ। ਇਸੇ ਤਰ੍ਹਾਂ ‌ ਜਾਖੜ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਕਾਨੂੰਨੀ ਪ੍ਰਕਿਰਿਆ ਨੂੰ ਸਿਰੇ ਨਾ ਚਾੜ੍ਹ ਸਕਣ ਉੱਤੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ।

ਦਿੱਲੀ ਚ ਅਰਵਿੰਦ ਕੇਜਰੀਵਾਲ ਵੱਲੋਂ 10 ਗਰੰਟੀਆਂ ਉੱਤੇ ਤਿੱਖੀ ਟਿੱਪਣੀ ਕਰਦਿਆਂ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਜਿਹੜਾ ਆਪ ਸੁਪਰੀਮੋ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਦਫਤਰ ਚੋਂ ਫਾਈਲ ਨਹੀਂ ਲਿਆ ਸਕਦਾ, ਉਹ ਗਰੰਟੀ ਕਿਵੇਂ ਪੂਰੀ ਕਰਨਗੇ, ਲੋਕ ਚੰਗੀ ਤਰ੍ਹਾਂ ਸਮਝਦੇ ਹਨ।

ਜਾਖੜ ਨੇ ਸੰਗਰੂਰ ਤੋਂਪਿਛਲੇ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਹੀ ਦੱਸਿਆ।

ਅੰਤ ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੰਗਰੂਰ ਸਮੇਤ ਪੂਰੇ ਪੰਜਾਬ ਵਾਸੀਆਂ ਨੂੰ ਇਨ੍ਹਾਂ ਚੋਣਾਂ ਚ ਸਮਝਦਾਰੀ ਨਾਲ ਭੁਗਤਣ ਦਾ ਸੱਦਾ ਦਿੰਦੇ ਹੋਏ ਵੱਡੀ ਗਿਣਤੀ ਚ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕੀਤਾ।

×