ਨੇ ਕਿਹਾ, ਖੋਜ ਲੈਬ ਨੇ ਟੈਸਟਿੰਗ ਫੀਸ ਵਜੋਂ 1.5 ਕਰੋੜ ਰੁਪਏ ਵੀ ਕਮਾਏ ਹਨ।
ਚੰਡੀਗੜ੍ਹ, 10 ਫਰਵਰੀ
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਲੋਕ ਨਿਰਮਾਣ ਵਿਭਾਗ ਦੀ ਰਿਸਰਚ ਲੈਬ ਨੇ ਨਾ ਸਿਰਫ਼ ਵਿਸ਼ਵ ਪੱਧਰੀ ਨਿਰਮਾਣ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬੇ ਵਿੱਚ ਉੱਚ ਪੱਧਰੀ ਉਸਾਰੀ ਦੇ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦਰਅਸਲ, ਵਿੱਤੀ ਸਾਲ 2024-25 ਦੌਰਾਨ ਨਿਰਮਾਣ ਕਾਰਜਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਜਾਂਚ ਤੋਂ ਵੀ ਲਗਭਗ 1.5 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਇਹ ਜਾਣਕਾਰੀ ਸਾਂਝੀ ਕਰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਹ ਲੈਬ ਪੰਜਾਬ ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਅਧੀਨ ਇਕਲੌਤੀ ਸਹੂਲਤ ਹੈ, ਜੋ ਵਿਭਾਗ ਤੋਂ ਇਲਾਵਾ ਸਥਾਨਕ ਸਰਕਾਰਾਂ, ਜਲ ਸਰੋਤ ਵਿਭਾਗ, ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ), ਪੰਚਾਇਤੀ ਰਾਜ, ਪੰਜਾਬ ਮੰਡੀ ਬੋਰਡ ਅਤੇ ਰਾਜ ਵਿਜੀਲੈਂਸ ਨੂੰ ਵੀ ਸੇਵਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬ ਨੂੰ ਸਾਲ 2022 ਵਿੱਚ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਆਂ (ਐਨਏਬੀਐਲ) ਤੋਂ ਮਾਨਤਾ ਪ੍ਰਾਪਤ ਹੋਈ ਸੀ, ਜੋ ਦਸੰਬਰ 2028 ਤੱਕ ਵੈਧ ਹੈ। ਇਸ ਸਰਕਾਰੀ ਲੈਬ ਦੀ ਮਾਨਤਾ ਇਸ ਨੂੰ ਹੋਰ ਵੀ ਅਹਿਮ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਯੋਗਸ਼ਾਲਾ ਕੁੱਲ 59 ਟੈਸਟਾਂ ਲਈ NABL ਵੱਲੋਂ ਪ੍ਰਮਾਣਿਤ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਹ ਖੋਜ ਪ੍ਰਯੋਗਸ਼ਾਲਾ ਆਧੁਨਿਕ ਗੈਰ-ਵਿਨਾਸ਼ਕਾਰੀ ਟੈਸਟਿੰਗ ਉਪਕਰਨਾਂ ਜਿਵੇਂ ਕਿ ਫਾਲਿੰਗ ਵੇਟ ਡਿਫਲੈਕਟੋਮੀਟਰ (ਐਫਡਬਲਯੂਡੀ), ਅਲਟਰਾਸੋਨਿਕ ਪਲਸ ਵੇਲੋਸਿਟੀ (ਯੂਪੀਵੀ), ਨਿਊਕਲੀਅਰ ਟੈਸਟ ਗੇਜ ਅਤੇ ਟ੍ਰੈਫਿਕ ਸਾਈਨ ਚੈਕਿੰਗ ਟੂਲ ਆਦਿ ਨਾਲ ਲੈਸ ਹੈ।
ਲੈਬ ਦੀਆਂ ਸਮਰੱਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਨੀਂਹ ਲਈ ਮਿੱਟੀ ਦੀ ਪਰਖ ਕਰਨ ਅਤੇ ਇੱਟਾਂ, ਬੱਜਰੀ, ਰੇਤ, ਸੀਮਿੰਟ, ਕੰਕਰੀਟ, ਲੱਕੜ ਅਤੇ ਰੀਬਾਰ ਸਮੇਤ ਵੱਖ-ਵੱਖ ਨਿਰਮਾਣ ਸਮੱਗਰੀਆਂ ਦਾ ਮੁਲਾਂਕਣ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬ ਵਿੱਚ ਸੰਘਣੇ ਬਿਟੂਮਿਨਸ ਮੈਕਡਮ (ਡੀਬੀਐਮ) ਅਤੇ ਐਸਫਾਲਟ ਕੰਕਰੀਟ (ਏਸੀ) ਮਿਸ਼ਰਣਾਂ ਨੂੰ ਡਿਜ਼ਾਈਨ ਕਰਨ ਵਿੱਚ ਵੀ ਮੁਹਾਰਤ ਹਾਸਲ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਉੱਚ ਪੱਧਰ ‘ਤੇ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ ਲਈ ਵਿਭਾਗ ਨੂੰ ਵੱਧ ਤੋਂ ਵੱਧ ਪੜਤਾਲ ਕਰਨ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਮਿਆਰੀ ਉਪਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।


