ਆਮ ਆਦਮੀ ਪਾਰਟੀ (ਆਪ) ਦੀ ਮੋਗਾ ਰੈਲੀ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਵਾਲੇ ਸੁਤੰਤਰ ਪੱਤਰਕਾਰਾਂ ਦੇ ਘਰਾਂ ਵਿੱਚ ਖੁਫੀਆ ਵਿਭਾਗ ਦੇ ਮੁਲਾਜ਼ਮ ਭੇਜਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਨਾਸ਼ਾਹੀ ਤੇ ਰੈਲੀ ਤੋਂ ਹੋਈ ਬੁਖਲਾਹਟ ਨੂੰ ਦਰਸਾਉਂਦਾ ਹੈ। ਇਹ ਸ਼ਬਦ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਦੇ ਹਨ।

ਸ਼ੁੱਕਰਵਾਰ ਸਵੇਰੇ ਮੁਕਤਸਰ ਦੇ ਪੱਤਰਕਾਰ ਪਰਮਿੰਦਰ ਸਿੰਘ ਬਿਦੋਵਾਲੀ ਦੇ ਘਰ ਤਿੰਨ ਪੁਲਿਸ ਮੁਲਾਜ਼ਮਾਂ ਦੇ ਪਹੁੰਚਣ ਦੀਆਂ ਰਿਪੋਰਟਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਰੀਨ ਨੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਕਰਾਰ ਦਿੱਤਾ। ਦੱਸਿਆ ਗਿਆ ਕਿ ਖੁਫੀਆ ਵਿਭਾਗ ਨਾਲ ਸਬੰਧਤ ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਉਹ ‘ਉੱਪਰੋਂ ਆਏ ਹੁਕਮਾਂ’ ‘ਤੇ ਜਾਣਕਾਰੀ ਇਕੱਠੀ ਕਰ ਰਹੇ ਹਨ।
ਸਰੀਨ ਨੇ ਕਿਹਾ ਕਿ ਰਤਨਦੀਪ ਸਿੰਘ ਧਾਲੀਵਾਲ ਅਤੇ ਬਿਦੋਵਾਲੀ ਵਰਗੇ ਪੱਤਰਕਾਰਾਂ ਨੇ ਸਿਰਫ਼ ਕੱਲ੍ਹ ਦੀ ਬਹੁ-ਪ੍ਰਚਾਰਿਤ ਰੈਲੀ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ ਸੀ। ਉਨ੍ਹਾਂ ਨੇ ਦਿਖਾਇਆ ਸੀ ਕਿ ਦੁਪਹਿਰ ਤੱਕ ਅਮਲੋਹ ਵਿੱਚ ਸਰਕਾਰੀ ਬੱਸਾਂ ਖਾਲੀ ਖੜ੍ਹੀਆਂ ਸਨ, ਮਨਰੇਗਾ ਮਜ਼ਦੂਰਾਂ ਨੂੰ ਰੈਲੀ ਵਿੱਚ ਕੁਰਸੀਆਂ ਭਰਨ ਲਈ ਲਿਜਾਇਆ ਗਿਆ ਅਤੇ ਮੰਡੀ ਅਹਿਮਦਗੜ੍ਹ ਵਿੱਚ ਨਸ਼ੇ ਦੀ ਹਾਲਤ ਵਿੱਚ ਆਏ ਕੁਝ ‘ਆਪ’ਵਰਕਰਾਂ ਨੇ ਹੰਗਾਮਾ ਕੀਤਾ।

ਸਰੀਨ ਨੇ ਕਿਹਾ, “ਇੱਕ ਪਾਸੇ ਪੈਸੇ ਦੇ ਕੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਨਾਅਰੇ ਲਗਵਾਏ ਜਾ ਰਹੇ ਹਨ ਅਤੇ ਫਰਜ਼ੀ ਸਰਵੇਖਣ ਤਿਆਰ ਕਰਵਾਏ ਜਾ ਰਹੇ ਹਨ, ਦੂਜੇ ਪਾਸੇ ਜ਼ਮੀਨੀ ਹਕੀਕਤ ਦਿਖਾਉਣ ਵਾਲੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁਲਿਸ ਭੇਜ ਕੇ ਡਰਾਇਆ ਜਾ ਰਿਹਾ ਹੈ।”
ਭਗਵੰਤ ਮਾਨ ਸਰਕਾਰ ਨੂੰ ਮੀਡੀਆ ਦੀ ਆਵਾਜ਼ ਦਬਾਉਣ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਦਹਾਕਿਆਂ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਘਰਾਂ ਵਿੱਚ ‘ਤਸਦੀਕ’ ਦੇ ਨਾਂ ‘ਤੇ ਪੁਲਿਸ ਭੇਜਣਾ ਅਣਐਲਾਨੀ ਐਮਰਜੈਂਸੀ ਦੇ ਬਰਾਬਰ ਹੈ।

ਸਰੀਨ ਨੇ ਕਿਹਾ, “ਜਦੋਂ ਕਿਸੇ ਮੁੱਖ ਮੰਤਰੀ ਨੂੰ ਸੱਚਾਈ ਤੋਂ ਡਰ ਲੱਗਣ ਲੱਗ ਪਵੇ ਤਾਂ ਉਹ ਪੁਲਿਸ ਦੇ ਪਿੱਛੇ ਲੁਕ ਜਾਂਦਾ ਹੈ। ਸਰਕਾਰ ਦੀਆਂ ਕਿੰਨੀਆਂ ਵੀ ਧਮਕੀਆਂ ਹੋਣ, ਇਸ ਹਕੀਕਤ ਨੂੰ ਦਬਾਇਆ ਨਹੀਂ ਜਾ ਸਕਦਾ ਕਿ ਪੰਜਾਬ ਭਰ ਵਿੱਚ ‘ਆਪ’ ਦਾ ਸਿਆਸੀ ਗੁਬਾਰਾ ਫੁੱਟ ਚੁੱਕਾ ਹੈ।”