ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੇ ਤਾਂ ਕਿ ਲੋਕਾਂ ਦੇ ਮਹੀਨੇ ਤੋਂ ਰੁਕੇ ਹੋਏ ਕੰਮ ਹੋ ਸਕਣ’

ਐਸ.ਏ.ਐਸ. ਨਗਰ, 12 ਦਸੰਬਰ: ਸੀਨੀਅਰ ਕਾਂਗਰਸ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਲਗਭਗ ਇਕ ਮਹੀਨੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਦਫ਼ਤਰੀ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਧਾਰੀ ਬੈਠੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਖੱਜਲ-ਖੁਆਰ ਕਰਨ ਦੇ ਨਾਲ ਨਾਲ ਸੂਬੇ ਦਾ ਵਿੱਤੀ ਨੁਕਸਾਨ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਦੇ ਪਿਛਲੇ ਇਕ ਮਹੀਨੇ ਤੋਂ ਰੁਕੇ ਹੋਏ ਕੰਮ ਨਿਬੜ ਸਕਣ।

ਸ਼੍ਰੀ ਸਿੱਧੂ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਦਫ਼ਤਰੀ ਮੁਲਾਜ਼ਮਾਂ ਦੀ ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਹੜਤਾਲ ਕਾਰਨ ਦਫ਼ਤਰਾਂ ਖਾਸ ਕਰ ਕੇ ਤਹਿਸੀਲਾਂ, ਡਿਪਟੀ ਕਮਿਸ਼ਨਰਾਂ ਤੇ ਸਬ ਡਵੀਜਨਾਂ ਦੇ ਦਫ਼ਤਰਾਂ ਵਿਚ ਕੰਮ ਕਾਜ ਬਿਲਕੁਲ ਠੱਪ ਹੋਣ ਕਾਰਨ ਲੋਕ ਤੰਗ ਹੋ ਰਹੇ ਹਨ। ਉਹਨਾਂ ਕਿਹਾ ਕਿ ਜ਼ਮੀਨਾਂ ਦੀਆਂ ਰਜਿਸਟਰੀਆਂ ਨਹੀ ਹੋ ਰਹੀਆਂ, ਇੰਤਕਾਲ ਨਹੀਂ ਹੋ ਰਹੇ, ਲੋਕਾਂ ਨੂੰ ਅਸ਼ਟਾਮ ਪੇਪਰ ਨਹੀਂ ਮਿਲ ਰਹੇ ਅਤੇ ਨਾ ਹੀ ਕਿਸੇ ਨੂੰ ਜਾਤੀ ਸਰਟੀਫੀਕੇਟ ਜਾਰੀ ਹੋ ਰਹੇ ਹਨ। ਉਹਨਾਂ ਹੋਰ ਕਿਹਾ ਕਿ ਆਪਣੀ ਜ਼ਮੀਨ-ਜਾਇਦਾਦ ਸਬੰਧੀ ਕੰਮ-ਕਾਰ ਕਰਵਾਉਣ ਲਈ ਬਾਹਰਲੇ ਮੁਲਕਾਂ ਤੋਂ ਵੱਡੀ ਗਿਣਤੀ ਆਏ ਪੰਜਾਬੀਆਂ ਨੂੰ ਬਿਨਾਂ ਕੰਮ ਕਰਵਾਇਆਂ ਹੀ ਵਾਪਸ ਜਾਣ ਦੀ ਚਿੰਤਾ ਸਤਾਅ ਰਹੀ ਹੈ।

ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹੱਠਧਰਮੀ ਕਾਰਨ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਤਾਂ ਤੰਗੀ ਭੁਗਤਣੀ ਪੈ ਹੀ ਰਹੀ ਸਰਕਾਰ ਨੂੰ ਰਜਿਸਟਰੀਆਂ, ਅਸ਼ਟਾਮਾਂ ਦੀ ਵਿਕਰੀ ਅਤੇ ਹੋਰ ਸੇਵਾਵਾਂ ਦੀਆਂ ਫ਼ੀਸਾਂ ਤੋਂ ਰੋਜ਼ਾਨਾ ਕਰੋੜਾਂ ਰੁਪਿਆਂ ਦੀ ਹੋਣ ਵਾਲੀ ਆਮਦਨ ਦਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਆਮਦਨ ਰੁਕ ਜਾਣ ਕਾਰਨ ਹਾਲਾਤ ਇਹ ਹੋ ਗਏ ਹਨ ਕਿ ਸਰਕਾਰ ਨੂੰ ਆਪਣੇ ਰੋਜ਼ਮਰ੍ਹਾ ਦੇ ਖ਼ਰਚਿਆਂ ਲਈ ਵੀ ਹਰ ਮਹੀਨੇ ਕਰਜ਼ਾ ਲੈਣਾ ਪੈ ਰਿਹਾ ਹੈ। ਉਹਨਾਂ ਦਸਿਆ ਕਿ ਸਰਕਾਰ ਨੇ ਵਿੱਤੀ ਸਾਲ ਦੀ ਇਸ ਚੱਲ ਰਹੀ ਤੀਜੀ ਤਿਨਾਹੀ ਦੌਰਾਨ ਹੀ 14700 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।

ਸ਼੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਨੁਕਸਦਾਰ ਨੀਤੀਆਂ ਕਾਰਨ ਪੰਜਾਬ ਦੇ ਮੁਲਾਜ਼ਮ ਅਤੇ ਲੋਕ ਤਾਂ ਸੰਤਾਪ ਭੋਗ ਹੀ ਰਹੇ ਹਨ ਸਗੋਂ ਪੰਜਾਬ ਦੀ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਉਹਨਾਂ ਕਿਹਾ, “ਸਰਕਾਰ ਬਾਹਰਲੇ ਸੂਬਿਆਂ ਵਿਚ ਆਪਣੀ ਭੱਲ ਬਣਾਉਣ ਲਈ ਉਥੋਂ ਦੇ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ਉਤੇ ਹਰ ਰੋਜ਼ ਕਰੋੜਾਂ ਰੁਪਏ ਦੀ ਫ਼ਜ਼ੂਲਖ਼ਰਚੀ ਕਰ ਰਹੀ ਹੈ। ਇਹੀ ਪੈਸਾ ਆਪਣੇ ਮੁਲਾਜ਼ਮਾਂ ਨੂੰ ਦੇਣਾ ਚਾਹੀਦਾ ਸੀ ਤਾਂ ਕਿ ਉਹਨਾਂ ਦੇ ਲਗਨ ਤੇ ਤਨਦੇਹੀ ਨਾਲ ਕੰਮ ਕਰਨ ਨਾਲ ਲੋਕਾਂ ਦੀ ਦਫ਼ਤਰਾਂ ਵਿਚ ਹੁੰਦੀ ਖ਼ਜਲ-ਖੁਆਰੀ ਰੁਕਦੀ ਅਤੇ ਸਰਕਾਰ ਦੀ ਆਮਦਨ ਵੀ ਵਧਦੀ।”

ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਦੀਆਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਦੋ ਦਿਨ ਪਹਿਲਾਂ ਹੀ 42 ਸੇਵਾਵਾਂ ਦਾ ਘਰ ਬੈਠਿਆਂ ਹੀ ਲਾਭ ਲੈ ਸਕਣ ਦੀ ਸ਼ੁਰੂ ਕੀਤੀ ਗਈ ਸਕੀਮ ਮੌਕੇ ਕੀਤੇ ਗਏ ਵੱਡੇ ਵੱਡੇ ਦਾਅਵਿਆਂ ਦੀ ਪਹਿਲੇ ਦਿਨ ਹੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਆਨ ਲਾਈਨ ਸਿਸਟਮ ਹੀ ਨਹੀਂ ਚੱਲ ਸਕਿਆ। ਉਹਨਾਂ ਕਿਹਾ ਕਿ ਜਦੋਂ ਦਫ਼ਤਰਾਂ ਵਿਚ ਕੋਈ ਮੁਲਾਜ਼ਮ ਹੀ ਨਹੀਂ ਤਾਂ ਅਜਿਹੀਆਂ ਸਕੀਮਾਂ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ।

ਸ਼੍ਰੀ ਸਿੱਧੂ ਨੇ ਕਿਹਾ ਕਿ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਹੱਕੀ ਤੇ ਜ਼ਾਇਜ ਹਨ ਜਿਨ੍ਹਾਂ ਨੂੰ ਤੁਰੰਤ ਮੰਨ ਕੇ ਲੋਕਾਂ ਦੀ ਇਕ ਮਹੀਨੇ ਤੋਂ ਹੋ ਰਹੀ ਖਜਲ-ਖੁਆਰੀ ਖ਼ਤਮ ਕਰਨੀ ਚਾਹੀਦੀ ਹੈ।

×