ਆਪ’ ਰਾਜ ‘ਚ ਨਿਯਮਾਂ ਦੀਆਂ ਧੱਜੀਆਂ: ਬਰਸਾਤ ਅਤੇ ਰਾਤ ਦੇ ਸਮੇਂ ਸ਼ਰੇਆਮ ਚੱਲ ਰਿਹਾ ਨਾਜਾਇਜ਼ ਮਾਈਨਿੰਗ ਦਾ ਧੰਦਾ: ਚਰਨਜੀਤ ਸਿੰਘ ਚੰਨੀ
ਕੇਜਰੀਵਾਲ ਤੇ ਮਾਨ ਮਿਲ ਕੇ ਲੁੱਟ ਰਹੇ ਪੰਜਾਬ ਦਾ ‘ਚਿੱਟਾ ਸੋਨਾ’, 5.5 ਰੁਪਏ ਵਾਲਾ ਰੇਤਾ 37 ਰੁਪਏ ‘ਚ ਵੇਚ ਕੇ ਕੀਤਾ ਜਾ ਰਿਹਾ ਹਜ਼ਾਰਾਂ ਕਰੋੜਾਂ ਦਾ ਘੋਟਾਲਾ: ਚੰਨੀ
ਮਾਫ਼ੀਆ ਦੇ ਨਾਕੇ ਪੁਲਿਸ ਤੋਂ ਵੀ ਅੱਗੇ, ਖੋਲ੍ਹੀ ਪੰਜਾਬ ਸਰਕਾਰ, ਪੁਲਿਸ ਅਤੇ ਮਾਈਨਿੰਗ ਮਾਫ਼ੀਆ ਦੇ ਗੱਠਜੋੜ ਦੀ ਪੋਲ
ਜਲੰਧਰ/ਨਕੋਦਰ: 04/08/2026, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬੀਤੀ ਰਾਤ ਜਲੰਧਰ ਦੇ ਨਕੋਦਰ ਇਲਾਕੇ ਵਿੱਚ ਸਤਲੁਜ ਦਰਿਆ ‘ਤੇ ਹੋ ਰਹੀ ਨਾਜਾਇਜ਼ ਰੇਤ ਮਾਈਨਿੰਗ ਵਾਲੀ ਥਾਂ ‘ਤੇ ਅਚਾਨਕ ਰੇਡ ਕੀਤੀ। ਮੌਕੇ ‘ਤੇ ਪਹੁੰਚ ਕੇ ਚੰਨੀ ਨੇ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਸਿੱਧਾ ਕਾਨੂੰਨ ਦਾ ਉਲੰਘਣ ਕਰਾਰ ਦਿੱਤਾ ਅਤੇ ਦੱਸਿਆ ਕਿ ਸਰਕਾਰੀ ਨਿਯਮਾਂ ਮੁਤਾਬਿਕ ਰਾਤ ਦੇ ਸਮੇਂ ਅਤੇ ਬਰਸਾਤ ਦੇ ਮੌਸਮ ਵਿੱਚ ਮਾਈਨਿੰਗ ਕਰਨ ‘ਤੇ ਪੂਰਨ ਪਾਬੰਦੀ ਹੁੰਦੀ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੁਲਿਸ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਬਰਸਾਤਾਂ ਦੇ ਦਿਨਾਂ ਵਿੱਚ ਵੀ ਰਾਤ ਦੇ ਹਨੇਰੇ ਵਿੱਚ ਨਾਜਾਇਜ਼ ਮਾਈਨਿੰਗ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।
ਰੇਡ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਮੌਕੇ ‘ਤੇ ਮੌਜੂਦ ਕਈ ਵਿਅਕਤੀਆਂ ਨੂੰ ਰੰਗੇ ਹੱਥੀਂ ਫੜਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਮੌਕੇ ‘ਤੇ ਫੜੇ ਗਏ ਇੱਕ ਵਿਅਕਤੀ ਨੇ ਖ਼ੁਲਾਸਾ ਕੀਤਾ ਕਿ ਉਹ ਇੱਥੇ ਰੇਤੇ ਦੇ ਭਰੇ ਟਰੱਕਾਂ ਨੂੰ ਢੱਕਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਇੱਕ-ਇੱਕ ਵਿਅਕਤੀ ਦਿਨ ਵਿੱਚ 10 ਤੋਂ ਵੱਧ ਗੱਡੀਆਂ ਢਕਦਾ ਹੈ ਅਤੇ ਰੋਜ਼ਾਨਾ ਇਸੇ ਥਾਂ ਤੋਂ ਸੈਂਕੜੇ ਗੱਡੀਆਂ ਨਾਜਾਇਜ਼ ਰੇਤਾ ਭਰ ਕੇ ਲਿਜਾਈਆਂ ਜਾ ਰਹੀਆਂ ਹਨ। ਚੰਨੀ ਦੀ ਰੇਡ ਦੀ ਭਿਣਕ ਲੱਗਦਿਆਂ ਹੀ ਮੌਕੇ ‘ਤੇ ਨਾਜਾਇਜ਼ ਮਾਈਨਿੰਗ ਕਰ ਰਹੀਆਂ ਪੋਕਲੇਨ ਮਸ਼ੀਨਾਂ ਨੂੰ ਚਲਾਕੀ ਨਾਲ ਭਜਾ ਦਿੱਤਾ ਗਿਆ, ਜਿੰਨਾ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ।
ਮਾਈਨਿੰਗ ਮਾਫ਼ੀਆ ਦੇ ਤਾਣੇ-ਬਾਣੇ ਦੀ ਪੋਲ ਖੋਲ੍ਹਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਾਈਨਿੰਗ ਵਾਲੀ ਥਾਂ ਤੋਂ ਕਰੀਬ 5 ਕਿੱਲੋ ਮੀਟਰ ਪਹਿਲਾਂ ਹੀ ਮਾਫ਼ੀਆ ਨੇ ਆਪਣੇ ਨਾਕੇ ਲਗਾਏ ਹੋਏ ਹਨ। ਜਦੋਂ ਵੀ ਕੋਈ ਚੈਕਿੰਗ ਜਾਂ ਰੇਡ ਕਰਨ ਆਉਂਦਾ ਹੈ, ਤਾਂ ਮੋਬਾਈਲ ਫੋਨਾਂ ਰਾਹੀਂ ਪਹਿਲਾਂ ਹੀ ਸੁਨੇਹਾ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਚੰਨੀ ਨੇ ਭਗਵੰਤ ਮਾਨ ਸਰਕਾਰ ‘ਤੇ ਇਲਜ਼ਾਮ ਲਾਇਆ ਕਿ ਆਪਣੇ ਆਕਾਵਾਂ ਨੂੰ ਪੈਸੇ ਦਾ ਚੜ੍ਹਾਵਾ ਚੜ੍ਹਾਉਣ ਲਈ ਪੁਲਿਸ ਨਾਲ ਮਿਲ ਕੇ ਪੰਜਾਬ ਦੇ ਕੁਦਰਤੀ ਸਰੋਤਾ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਰੇਤੇ ‘ਚੋਂ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੇ ਵਾਅਦੇ ਦਾ ਜ਼ਿਕਰ ਕਰਦਿਆਂ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਕੇਜਰੀਵਾਲ ਅਤੇ ਮਾਨ ਸਰਕਾਰ ਗੈਰ-ਕਾਨੂੰਨੀ ਤਰੀਕੇ ਨਾਲ ਹਜ਼ਾਰਾਂ ਕਰੋੜ ਰੁਪਏ ਆਪਣੀਆਂ ਜੇਬਾਂ ‘ਚ ਭਰ ਰਹੇ ਹਨ।
ਚੰਨੀ ਨੇ ਅੰਕੜਿਆਂ ਦੀ ਤੁਲਨਾ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਆਮ ਜਨਤਾ ਨੂੰ 5.5 ਰੁਪਏ ਪ੍ਰਤੀ ਵਰਗ ਫੁੱਟ ਮਿਲਣ ਵਾਲਾ ਰੇਤਾ ਅੱਜ ‘ਆਪ’ ਸਰਕਾਰ ਦੇ ਰਾਜ ਵਿੱਚ 37 ਰੁਪਏ ਪ੍ਰਤੀ ਵਰਗ ਫੁੱਟ ਵੇਚ ਕੇ ਜਨਤਾ ਦੀ ਛਿੱਲ ਲਾਹੀ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੇ ਇਸ ‘ਚਿੱਟੇ ਸੋਨੇ’ (ਰੇਤੇ) ਦੀ ਮਾਈਨਿੰਗ ਦਾ ਪੈਸਾ ਮਾਫ਼ੀਆ ਦੀਆਂ ਜੇਬਾਂ ਵਿੱਚ ਜਾਣ ਦੀ ਬਜਾਏ ਸਰਕਾਰੀ ਖ਼ਜ਼ਾਨੇ ਵਿੱਚ ਜਾਵੇ, ਤਾਂ ਸਰਕਾਰੀ ਮੁਲਾਜ਼ਮਾਂ ਨੂੰ ਡੀ.ਏ., ਵਿਦਿਆਰਥੀਆ ਨੂੰ ਚੰਗੀ ਪੜਾਈ ਅਤੇ ਜਨਤਾ ਨੂੰ ਹੋਰ ਸੁਵਿਧਾਵਾਂ ਮਿਲ ਸਕਦੀਆਂ ਹਨ, ਜਿਸ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ।
ਵੱਲੋਂ:
ਦਫ਼ਤਰ, ਚਰਨਜੀਤ ਸਿੰਘ ਚੰਨੀ
ਸਾਬਕਾ ਮੁੱਖ ਮੰਤਰੀ, ਪੰਜਾਬ ਅਤੇ ਸੰਸਦ ਮੈਂਬਰ, ਜਲੰਧਰ
